ਕੋਲਕਾਤਾ, 14 ਅਗੱਸਤ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਨਿਆਂਪਾਲਿਕਾ ਦਾ ਕੁੱਝ ਹਿੱਸਾ ਭ੍ਰਿਸ਼ਟ ਹੈ। ਉਨ੍ਹਾਂ ਇਹ ਦਾਅਵਾ ਕੀਤਾ ਕਿ ਪੈਸੇ ਦੇ ਲਾਲਚ ਵਿਚ ਕਈ ਅਦਾਲਤੀ ਫ਼ੈਸਲੇ ਹੋਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ, ‘‘ਅਜਿਹੇ ਕਈ ਮੌਕੇ ਆਏ ਹਨ ਜਦੋਂ ਜੱਜਾਂ ਦੇ ਫ਼ੈਸਲੇ ਖ਼ਰੀਦੇ ਜਾਂਦੇ ਹਨ। ਮੈਨੂੰ ਪਤਾ ਹੈ ਕਿ ਅਜਿਹਾ ਕਹਿਣ ’ਤੇ ਮੇਰੇ ਵਿਰੁਧ ਕੇਸ ਬਣ ਸਕਦਾ ਹੈ ਪਰ ਅਜਿਹਾ ਕਹਿਣਾ ਜ਼ਰੂਰੀ ਹੈ ਅਤੇ ਮੈਂ ਅਜਿਹਾ ਕਹਿ ਕੇ ਜੇਲ ਜਾਣ ਲਈ ਵੀ ਤਿਆਰ ਹਾਂ।’’ ਮਮਤਾ ਬੈਨਰਜੀ ਅੱਜ ਪਛਮੀ ਬੰਗਾਲ ਦੀ ਵਿਧਾਨ ਸਭਾ ਦੇ ਪਲਾਟੀਨਮ ਜੁਬਲੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਨਿਆਂਇਕ ਕਮਿਸ਼ਨਾਂ ਦੇ ਤਰਕ ’ਤੇ ਵੀ ਸਵਾਲ ਉਠਾਇਆ। ‘‘ਹੁਣ ਤਕ ਕਿੰਨੇ ਹੀ ਨਿਆਂਇਕ ਕਮਿਸ਼ਨ ਕਾਇਮ ਹੋ ਚੁੱਕੇ ਹਨ ਪਰ ਨਤੀਜਾ ਕਿਥੇ ਹੈ? ਇਨ੍ਹਾਂ ਕਮਿਸ਼ਨਾਂ ’ਤੇ ਕਿੰਨਾ ਧਨ ਖ਼ਰਚ ਹੁੰਦਾ ਹੈ ਪਰ ਉਹ ਸਿਰਫ਼ ਇੰਨਾ ਹੀ ਕਰਦੇ ਹਨ ਕਿ ਉ¤ਚ ਅਧਿਕਾਰੀਆਂ ਨਾਲ ਗੱਲਬਾਤ ਹੋ ਜਾਂਦੀ ਹੈ ਅਤੇ ਹੋਰ ਕੁੱਝ ਨਹੀਂ ਹੁੰਦਾ।’’ ਸਿਤਮ ਦੀ ਗੱਲ ਹੈ ਕਿ ਬੈਨਰਜੀ ਨੇ ਖ਼ੁਦ ਵੀ ਕਈ ਕਮਿਸ਼ਨ ਕਾਇਮ ਕੀਤੇ ਹਨ ਜਿਨ੍ਹਾਂ ’ਚੋਂ ਇਕ ਅਮਰੀ ਹਸਪਤਾਲ ਦੇ ਅਗਨੀ ਕਾਂਡ ਦੁਖਾਂਤ ਦੀ ਜਾਂਚ ਲਈ ਸੀ ਜਿਸ ਵਿਚ 94 ਜਾਨਾਂ ਚਲੀਆਂ ਗਈਆਂ ਸਨ। (ਏਜੰਸੀ)