ਚੇਨਈ, 14 ਅਗੱਸਤ : ਕੇਂਦਰੀ ਮੰਤਰੀ ਵਿਲਾਸ ਰਾਉ ਦੇਸ਼ਮੁਖ (67) ਦਾ ਅੱਜ ਦੇਹਾਂਤ ਹੋ ਗਿਆ। ਉਹ ਗੁਰਦੇ ਅਤੇ ਜਿਗਰ ਦੇ ਖ਼ਰਾਬ ਹੋਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਇਥੋਂ ਦੇ ਇਕ ਹਸਪਤਾਲ ਵਿਚ ਦਾਖ਼ਲ ਸਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ਮੁਖ ਦੇ ਬੇਵਕਤ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸਰਕਾਰ ਨੇ ਦੇਸ਼ਮੁਖ ਦੇ ਦੇਹਾਂਤ ’ਤੇ ਸਰਕਾਰੀ ਸੋਗ ਦਾ ਐਲਾਨ ਕਰਦੇ ਹੋਏ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਮਾਰੋਹਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਆਜ਼ਾਦੀ ਦਿਵਸ ’ਤੇ ਸਿਰਫ਼ ਪ੍ਰਧਾਨ ਮੰਤਰੀ ਦਾ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਭਾਸ਼ਨ ਹੀ ਹੋਵੇਗਾ। ਇਸ ਦੌਰਾਨ ਸੋਗ ਵਜੋਂ ਭਾਰਤੀ ਤਿਰੰਗਾ ਝੰਡਾ ਅੱਧਾ ਝੁਕਿਆ ਰਹੇਗਾ। ਸੂਤਰਾਂ ਅਨੁਸਾਰ ਦੇਸ਼ਮੁਖ ਦਾ ਅੰਤਮ ਸਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਲਾਤੂਰ ਵਿਖੇ ਕੀਤਾ ਜਾਵੇਗਾ। ਦੇਸ਼ਮੁਖ ਦੇ ਦੇਹਾਂਤ ’ਤੇ ਅੱਜ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ਾਮ ਕਰੀਬ 3.45 ਵਜੇ ਦਿਨ ਭਰ ਲਈ ਰੋਕ ਦਿਤੀ ਗਈ। ਲੋਕ ਸਭਾ ’ਚ ਨਕਸਲਵਾਦੀ ਅਤੇ ਮਾਉਵਾਦੀ ਸਰਗਰਮੀਆਂ ਦੇ ਵਾਧੇ ’ਤੇ ਚੱਲ ਰਹੀ ਚਰਚਾ ਦੌਰਾਨ ਗ੍ਰਹਿ ਮੰਤਰੀ ਅਤੇ ਸਦਨ ਦੇ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਨੇ ਸਦਨ ਨੂੰ ਦੇਸ਼ਮੁਖ ਦੀ ਮੌਤ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਭਰੇ ਹੋਏ ਗਲੇ ਨਾਲ ਕਿਹਾ, ‘‘ਮੇਰੀ ਬੇਨਤੀ ਹੈ ਕਿ ਦੁੱਖ ਦੀ ਇਸ ਘੜੀ ਵਿਚ ਸਦਨ ਦੀ ਕਾਰਵਾਈ ਨੂੰ ਅੱਗੇ ਚਲਾਉਣਾ ਠੀਕ ਨਹੀਂ ਰਹੇਗਾ। ਜੇ ਮੈਂਬਰ ਸਹਿਮਤ ਹੋਣ ਤਾਂ ਕਾਰਵਾਈ ਨੂੰ ਰੋਕ ਦਿਤਾ ਜਾਵੇ।’’ ਭਾਜਪਾ ਦੇ ਪ੍ਰਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸ਼ਿੰਦੇ ਦੀ ਤਜਵੀਜ਼ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਕਾਫ਼ੀ ਦੁਖਦਾਈ ਖ਼ਬਰ ਹੈ, ਸਾਨੂੰ ਉਨ੍ਹਾਂ ਦੀ ਤਜਵੀਜ਼ ਨੂੰ ਮੰਨਣਾ ਚਾਹੀਦਾ ਹੈ। ਇਸ ’ਤੇ ਸਭਾਪਤੀ ਪੀ.ਸੀ. ਚਾਕੋ ਨੇ ਸਦਨ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿਤੀ। ਕਾਂਗਰਸ ਦੇ ਸੀਨੀਅਰ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਸ਼ਮੁਖ ਨੂੰ 2008 ਦੇ ਮੁੰਬਈ ਹਮਲਿਆਂ ਤੋਂ ਥੋੜੀ ਦੇਰ ਬਾਅਦ ਕੇਂਦਰੀ ਵਜ਼ਾਰਤ ਵਿਚ ਲਿਆਂਦਾ ਗਿਆ ਸੀ।
ਉਨ੍ਹਾਂ ਨੇ ਪਹਿਲਾਂ ਭਾਰੀ ਉਦਯੋਗ ਅਤੇ ਫਿਰ ਕੁੱਝ ਦਿਨਾਂ ਤਕ ਦੇਹਾਤੀ ਵਿਕਾਸ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲੀ। ਇਨ੍ਹਾਂ ਦਿਨਾਂ ’ਚ ਉਹ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਸਨ। ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਤਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੇ ਵਿਭਾਗ ਅਸਥਾਈ ਰੂਪ ਵਿਚ ਵਾਇਲਾਰ ਰਵੀ ਨੂੰ ਸੌਂਪ ਦਿਤੇ। ਚੇਨਈ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਦਿਮਾਗ਼ੀ ਤੌਰ ’ਤੇ ਮਰੇ ਇਕ ਵਿਅਕਤੀ ਦਾ ਜਿਗਰ ਲੈਣ ਲਈ ਸੋਮਵਾਰ ਰਾਤ ਨੂੰ ਯਤਨ ਕੀਤਾ ਜਾ ਰਿਹਾ ਸੀ ਪਰ ਡਾਕਟਰ ਜਦੋਂ ਤਕ ਉਸ ਦਾ ਅਪਰੇਸ਼ਨ ਕਰਦੇ, ਉਸ ਦੀ ਮੌਤ ਹੋ ਚੁੱਕੀ ਸੀ। ਲੋਕਲ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਨੇ ਦਸਿਆ ਕਿ ਇਸ ਪਿੱਛੋਂ ਕਿਸੇ ਹੋਰ ਦਾਨੀ ਦੀ ਤਲਾਸ਼ ਕੀਤੀ ਜਾ ਰਹੀ ਸੀ, ਸਾਬਕਾ ਮੁੱਖ ਮੰਤਰੀ ਵਿਚ ਕੁੱਝ ਸੁਧਾਰ ਵੀ ਦਿਖਿਆ ਸੀ ਪਰ ਗੁਰਦਾ ਬਦਲਣ ਲਈ ਉਨ੍ਹਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਦੇ ਵੈਂਟੀਲੇਟਰ ’ਤੇ ਰਖਿਆ ਗਿਆ ਅਤੇ ਕਦੇ ਵੈਂਟੀਲੇਟਰ ਤੋਂ ਹਟਾ ਦਿਤਾ ਗਿਆ। ਦੇਸ਼ਮੁਖ ਨੂੰ ਬੀਤੀ 6 ਅਗੱਸਤ ਨੂੰ ਗੰਭੀਰ ਹਾਲਤ ਵਿਚ ਮੁੰਬਈ ਤੋਂ ਹਵਾਈ ਐਂਬੂਲੈਂਸ ਰਾਹੀਂ ਇਥੇ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੂੰ ਮਾਹਰ ਡਾਕਟਰਾਂ ਦੀ ਨਿਗਰਾਨੀ ’ਚ ਰਖਿਆ ਗਿਆ ਸੀ। (ਏਜੰਸੀ)
ਪਾਟਿਲ, ਬਾਦਲ ਤੇ ਸੁਖਬੀਰ ਵਲੋਂ ਦੇਸ਼ਮੁਖ ਦੇ ਦੇਹਾਂਤ ’ਤੇ ਦੁੱਖ
ਚੰਡੀਗੜ੍ਹ, 14 ਅਗੱਸਤ : ਪੰਜਾਬ ਦੇ ਰਾਜਪਾਲ ਸ਼ਿਵਰਾਜ ਸਿੰਘ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਵਿਲਾਸ ਰਾਉ ਦੇਸ਼ਮੁਖ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਇਕ ਚੰਗਾ ਸਿਆਸਤਦਾਨ ਸਾਥੋਂ ਸਦਾ ਲਈ ਵਿਛੜ ਗਿਆ ਹੈ। (ਏਜੰਸੀ)