ਚੰਡੀਗੜ੍ਹ, 14 ਅਗੱਸਤ (ਐਸ. ਐਸ. ਬਰਾੜ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨਾਲ ਸਬੰਧਤ ਹਜ਼ਾਰਾਂ ਕਿਸਾਨਾਂ ਨੇ ਅੱਜ ਪਾਰਲੀਮੈਂਟ ਸਟਰੀਟ ਵਿਚ ਧਰਨਾ ਦਿਤਾ। ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ’ਤੇ ਕਿਸਾਨਾਂ ਦਾ ਇਹ ਧਰਨਾ 15 ਅਗੱਸਤ ਨੂੰ ਵੀ ਜਾਰੀ ਰਹੇਗਾ।ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਪੰਜਾਬ ਨੂੰ ਤੁਰਤ ਸੋਕਾ-ਗ੍ਰਸਤ ਰਾਜ ਐਲਾਨ ਕੇ, ਕਿਸਾਨਾਂ ਨੂੰ ਸੋਕਾ ਰਾਹਤ ਦਿਤੀ ਜਾਵੇ। ਉੁਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ 80 ਤੋਂ 90 ਫ਼ੀ ਸਦੀ ਘੱਟ ਬਾਰਸ਼ ਪਈ ਹੈ। ਕੇਂਦਰ ਸਰਕਾਰ ਨੇ ਦਖਣੀ ਰਾਜਾਂ ਨੂੰ ਦੋ ਹਜ਼ਾਰ ਕਰੋੜ ਰੁਪਏ ਦੀ ਰਾਹਤ ਦੇ ਦਿਤੀ ਪਰ ਪੰਜਾਬ ਦੇ ਕਿਸਾਨਾਂ ਨੂੰ ਅਜੇ ਤਕ ਕੁੱਝ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਘੱਟੋ-ਘੱਟ ਪੰਜ ਹਜ਼ਾਰ ਕਰੋੜ ਰੁਪਏ ਦੀ ਰਾਹਤ ਦਿਤੀ ਜਾਵੇ। ਸ. ਰਾਜੇਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਜਾਂ ਮੰਗਾਂ ਮੰਨਣ ਦਾ ਭਰੋਸਾ ਨਾ ਦਿਤਾ ਗਿਆ ਤਾਂ ਕਿਸਾਨ 15 ਅਗੱਸਤ ਨੂੰ ਵੀ ਅਪਣਾ ਧਰਨਾ ਜਾਰੀ ਰੱਖ ਕੇ ਗ਼ੁਲਾਮੀ ਦਿਵਸ ਮਨਾਉਣਗੇ। ਸ. ਰਾਜੇਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਚੰਡੀਗੜ੍ਹ ਆਏ ਅਤੇ ਸੋਕੇ ਦਾ ਜਾਇਜ਼ਾ ਲਿਆ। ਉਸ ਸਮੇਂ ਵੀ ਉਨ੍ਹਾਂ ਨੂੰ ਮੰਗ ਪੱਤਰ ਦਿਤਾ ਗਿਆ ਸੀ ਪਰ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਅਜੇ ਸੋਕਾ ਰਾਹਤ ਦੇਣ ਲਈ ਤਿਆਰ ਨਹੀਂ। ਜ਼ਿਕਰਯੋਗ ਹੈ ਕਿ ਸ. ਰਾਜੇਵਾਲ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ 13 ਅਗੱਸਤ ਦੀ ਰਾਤ ਨੂੰ ਹੀ ਦਿੱਲੀ ਪਹੁੰਚ ਗਏ ਸਨ ਅਤੇ ਦਿੱਲੀ ਦੇ ਵੱਖ-ਵੱਖ ਗੁਰਦਵਾਰਿਆਂ ’ਚ ਕਿਸਾਨਾਂ ਨੇ ਰਾਤ ਕੱਟੀ ਅਤੇ ¦ਗਰ ਛਕਿਆ। ਅੱਜ ਸਵੇਰੇ ਸਾਰੇ ਕਿਸਾਨ ਇਕ ਥਾਂ ਇਕੱਠੇ ਹੋ ਕੇ ਪਾਰਲੀਮੈਂਟ ਦੇ ਬਾਹਰ ਧਰਨਾ ਦੇਣ ਲਈ ਗਏ ਤਾਂ ਪੁਲਿਸ ਨੇ ਪਾਰਲੀਮੈਂਟ ਸਟਰੀਟ ’ਚ ਹੀ ਉੁਨ੍ਹਾਂ ਨੂੰ ਰੋਕ ਲਿਆ ਅਤੇ ਕਿਸਾਨ ਉਥੇ ਹੀ ਧਰਨੇ ’ਤੇ ਬੈਠ ਗਏ। ਸ. ਰਾਜੇਵਾਲ ਨੇ ਸਪੋਕਸਮੈਨ ਨੂੰ ਦਸਿਆ ਕਿ ਕਿਸਾਨ ਸ਼ਾਮ ਤਕ ਧਰਨੇ ’ਤੇ ਬੈਠੇ ਰਹੇ ਪਰ ਪ੍ਰਧਾਨ ਮੰਤਰੀ ਦਫ਼ਤਰ ਦਾ ਕੋਈ ਵੀ ਅਧਿਕਾਰੀ ਮੰਗ ਪੱਤਰ ਲੈਣ ਤਕ ਨਾ ਪੁੱਜਾ।