ਨਵੀਂ ਦਿੱਲੀ, 13 ਅਗੱਸਤ : ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿਚ ਮੰਤਰੀ ਵਜੋਂ ਸ਼ਾਮਲ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਰਾਹੁਲ ਗਾਂਧੀ ਨੂੰ ਕੇਂਦਰੀ ਵਜ਼ਾਰਤ ਵਿਚ ਰਖਿਆ, ਮਨੁੱਖੀ ਵਸੀਲੇ ਜਾਂ ਪੇਂਡੂ ਵਿਕਾਸ ਮੰਤਰੀ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਜੇ ਰਾਹੁਲ, ਸਰਕਾਰ ਵਿਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਸੂਤਰਾਂ ਅਨੁਸਾਰ ਕੇਂਦਰੀ ਵਜ਼ਾਰਤ ਵਿਚ ਵਾਧਾ ਅਤੇ ਫੇਰਬਦਲ ਅਗਲੇ ਮਹੀਨੇ ਦੇ ਦੂਜੇ ਹਫ਼ਤੇ ’ਚ ਸੰਭਵ ਹੈ। ਉਸ ਸਮੇਂ ਤਕ ਸੰਸਦ ਦਾ ਮਾਨਸੂਨ ਸੈਸ਼ਨ ਖ਼ਤਮ ਹੋ ਜਾਵੇਗਾ। ਰਾਹੁਲ ਗਾਂਧੀ ਦੇ ਰਖਿਆ ਮੰਤਰੀ ਵਜੋਂ ਭੂਮਿਕਾ ਵਿਚ ਆਉਣ ਤੋਂ ਬਾਅਦ ਉਹ ਪਾਰਟੀ ਦੀਆਂ ਨੀਤੀਆਂ ਬਾਰੇ ਫ਼ੈਸਲੇ ਕਰਨ ਵਾਲੀ ਕਮੇਟੀ (ਕੋਰ ਗਰੁੱਪ) ਵਿਚ ਸ਼ਾਮਲ ਹੋ ਜਾਣਗੇ। ਮਨੁੱਖੀ ਵਸੀਲਿਆਂ ਬਾਰੇ ਮੰਤਰੀ ਬਣਨ ਦੀ ਸਥਿਤੀ ’ਚ ਉਹ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰਨ ਵਿਚ ਕਾਂਗਰਸ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਜੇ ਪੇਂਡੂ ਵਿਕਾਸ ਮੰਤਰਾਲਾ ਰਾਹੁਲ ਗਾਂਧੀ ਨੂੰ ਮਿਲਦਾ ਹੈ ਤਾਂ ਮਨਰੇਗਾ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਪਾਰਟੀ ਦੇ ਕੁੱਝ ਆਗੂਆਂ ਦਾ ਵਿਚਾਰ ਹੈ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਗੇ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਵਿਭਾਗ ਦਾ ਮੰਤਰੀ ਬਣਾਉਣਾ ਚਾਹੀਦਾ ਹੈ। ਕਾਂਗਰਸ ਵਿਚ ਰਾਹੁਲ ਗਾਂਧੀ ਨੂੰ ਵੱਡੀ ਜ਼ਿੰਮੇਵਾਰੀ ਦੇਣ ਬਾਰੇ ਪਹਿਲਾਂ ਹੀ ਬਿਆਨਬਾਜ਼ੀ ਹੁੰਦੀ ਆ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੁੱਝ ਦਿਨ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਰਾਹੁਲ ਗਾਂਧੀ ਨੇ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਪਾਰਟੀ ਜਾਂ ਸਰਕਾਰ ਵਿਚ ਕਿਹੜੀ ਭੂਮਿਕਾ ਨਿਭਾਉਣੀ ਹੈ। (ਏਜੰਸੀ)