ਫ਼ਰੀਦਾਬਾਦ, 13 ਅਗੱਸਤ (ਸਤਨਾਮ ਕੌਰ) : ਅਜੋਕੀ ਨੌਜਵਾਨ ਪੀੜੀ ਦੇ ਮਾਤਾ-ਪਿਤਾ ਨਾਲ ਵਿਗੜਦੇ ਸਬੰਧਾਂ ਨੂੰ ਧਿਆਨ ਵਿਚ ਰਖਦਿਆਂ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਅਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵਲੋਂ ਬੱਚਿਆਂ ਦੇ ਮਾਤਾ ਪਿਤਾ ਅਤੇ ਅਧਿਆਪਕ ਨਾਲ ਸਬੰਧਤ ਵਿਸ਼ੇ ’ਤੇ ਸੈਮੀਨਾਰ ਕੀਤਾ ਜਿਸ ਵਿਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਸੈਮੀਨਾਰ ਦੇ ਬੁਲਾਰੇ ਵੀਰ ਭੁਪਿੰਦਰ ਸਿੰਘ ਯੂ.ਐਸ.ਏ ਨੇ ਸੈਮੀਨਾਰ ਦੇ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਅਖੌਤੀ ਪ੍ਰੇਮ ਸੰਬੰਧਾਂ ਵਿਚ ਫ਼ਸਦੀ ਜਾ ਰਹੀ ਹੈ ਜਦ ਕਿ ਅਸਲ ਵਿਚ ਉਹ ਪ੍ਰੇਮ ਨਹੀਂ ਸਗੋਂ ਉਮਰ ਮੁਤਾਬਕ ਇਕ ਆਕਰਸ਼ਣ ਹੈ ਉਹ ਇਸ ਕਦਰ ਇਸ ਘੇਰੇ ਵਿਚ ਫਸੇ ਪਏ ਹਨ ਕਿ ਜਿਹੜਾ ਕੋਈ ਇਨਸਾਨ ਉਨ੍ਹਾਂ ਨੂੰ ਇਸ ਰਾਹ ਦੀ ਸੱਚਾਈ ਬਾਰੇ ਦਸਦਿਆਂ ਸਹੀ ਮਾਰਗਦਰਸ਼ਨ ਕਰਦਾ ਹੈ ਉਹ ਉਸ ਨੂੰ ਅਪਣਾ ਦੁਸ਼ਮਣ ਸਮਝ ਲੈਂਦੇ ਹਨ ਭਾਵੇਂ ਉਹ ਉਨ੍ਹਾਂ ਦੇ ਮਾਂ-ਪਿਉਂ ਹੀ ਕਿਉਂ ਨਾ ਹੋਣ। ਸੈਮੀਨਾਰ ਤੋਂ ਬਾਅਦ ਸਵਾਲ-ਜਵਾਬ ਸੈਸ਼ਨ ਵਿਚ ਬੱਚਿਆਂ, ਮਾਤਾ-ਪਿਤਾ ਅਧਿਆਪਕਾਂ ਵਲੋਂ ਵੱਖ ਵੱਖ ਸਮੱਸਿਆਵਾਂ ’ਤੇ ਸਵਾਲ ਪੁੱਛੇ ਗਏ ਜਿਸ ਦੇ ਵੀਰ ਭੁਪਿੰਦਰ ਸਿੰਘ ਜੀ ਨੇ ਬਾਖੂਬੀ ਜਵਾਬ ਦਿਤੇ। ਇਸ ਮੌਕੇ ਖ਼ੁੂਨਦਾਨ ਕੈਂਪ ਵੀ ਲਗਾਇਆ ਗਿਆ ਜੋ ਕਿ ਰੋਟਰੀ ਕਲੱਬ ਇੰਡਸਟਰੀਅਲ ਟਾਉਨ ਦੇ ਸਹਿਯੋਗ ਨਾਲ ਲਾਇਆ ਜਿਸ ਵਿਚ ਲਗਭਗ 70 ਯੂਨਿਟ ਖ਼ੂਨ ਇਕੱਤਰ ਕੀਤਾ।