ਪੰਜਾਬ ਖਬਰਾਂ
 

ਕੈਂਸਰ ਪੀੜਤਾਂ ਨੂੰ ਫ਼ਾਈਲਾਂ ’ਚ ਹੀ ਉਲਝਾ ਦਿੰਦੀ ਹੈ ਸਰਕਾਰ


ਝੁਨੀਰ, 12 ਅਗੱਸਤ (ਜੀਤ ਚਚੋਹਰ): ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਯੋਜਨਾ ਤਹਿਤ ਪੰਜਾਬ ’ਚ ਹੁਣ ਤਕ 44 ਕਰੋੜ 29 ਲੱਖ 246 ਰੁਪਏ ਤੋਂ ਵੱਧ ਦੀ ਰਾਸ਼ੀ ਕੈਂਸਰ ਪੀੜਤਾਂ ਨੂੰ ਸਹਾਇਤਾ ਵਜੋਂ ਦਿਤੀ ਜਾ ਚੁੱਕੀ ਹੈ। ਸਿਹਤ ਵਿਭਾਗ ਦੀ ਰੀਪੋਰਟ ਤੋਂ ਪ੍ਰਗਟਾਵਾ ਹੋਇਆ ਹੈ ਕਿ ਜਿੰਨੇ ਵੀ ਬਿਨੈ ਪੱਤਰ ਮਿਲੇ ਸੱਭ ਨੂੰ ਸਰਕਾਰੀ ਸਹਾਇਤਾ ਦਿਤੀ ਗਈ ਹੈ ਪਰ ਕੁੱਝ ਮਰੀਜ਼ ਅਜਿਹੇ ਵੀ ਹਨ ਜੋ ਸਰਕਾਰ ਦੀ ਸਹਾਇਤਾ ਉਡੀਕਦੇ-ਉਡੀਕਦੇ ਕੈਂਸਰ ਨੇ ਨਿਗਲ ਲਏ। ਉਨ੍ਹਾਂ ਦੇ ਵਾਰਸਾਂ ਨੇ ਲੱਖਾਂ ਰੁਪਏ ਇਲਾਜ ਲਈ ਖ਼ਰਚ ਕੀਤੇ। ਕੈਂਸਰ ਮਰੀਜ਼ਾਂ ਦੀਆਂ ਸਾਰੀਆਂ ਫ਼ਾਈਲਾਂ ਤਿਆਰ ਕਰਵਾ ਕੇ ਮਹਿਕਮੇ ਨੂੰ ਦਿਤੀਆ ਗਈਆਂ ਸਨ ਪਰ ਅੱਜ ਤਕ ਇਕ ਕੌਡੀ ਤਕ ਵੀ ਉਨ੍ਹਾਂ ਨੂੰ ਨਹੀਂ ਮਿਲੀ।
ਪਿੰਡ ਭੰਮੇ ਕਲਾਂ ਦੇ ਗੁਰਦੀਪ ਸਿੰਘ ਪੁੱਤਰ ਲਾਭ ਸਿੰਘ ਨੇ ਪੱਤਰਕਾਰਾਂ ਨੂੰ ਸਾਰੀਆ ਰੀਪੋਰਟਾਂ ਵਿਖਾਉਂਦੇ ਹੋਏ ਭਰੇ ਮਨ ਨਾਲ ਦਸਿਆ ਕਿ ਉਸ ਦੀ ਮਾਤਾ ਮਹਿੰਦਰ ਕੌਰ ਜੋ ਇਸ ਭਿਆਨਕ ਬੀਮਾਰੀ ਨਾਲ ਪੀੜਤ ਸੀ, ਦੇ ਇਲਾਜ ਲਈ ਉਹ ਪੰਜਾਬ ਦਿੱਲੀ ਅਤੇ ਬੀਕਾਨੇਰ ਆਦਿ ਕਈ ਮਹਿੰਗੇ ਹਸਪਤਾਲਾਂ ਤਕ ਗਏ ਪਰ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਵੀ ਅੰਤ ਮਿਤੀ 29-8-2011 ਨੂੰ ਮੌਤ ਦੇ ਮੂੰਹ ਜਾ ਪਈ। ਉਨ੍ਹਾਂ ਸਰਕਾਰ, ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ’ਤੇ ਗਿਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫ਼ਾਈਲ ਤਿਆਰ ਕਰਵਾ ਕੇ ਸਬੰਧਤ ਮਹਿਕਮੇ ਨੂੰ ਦਿਤੀ ਸੀ। ਮਿਤੀ 13 ਨਵੰਬਰ 2010 ਨੂੰ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਵੀ ਫ਼ਾਈਲ ਰਿਕਮੈਂਡ ਕਰ ਕੇ ਮਾਨਸਾ ਦੇ ਡਿਪਟੀ ਕਮਿਸਨਰ ਨੂੰ ਕਾਰਵਾਈ ਕਰਨ ਤਹਿਤ ਭੇਜ ਦਿਤੀ। ਪੂਰੀ ਟੀਮ ਨੇ ਅਪਣੀ ਜਾਂਚ ਪੜਤਾਲ ਤੋਂ ਬਾਅਦ ਰੀਪੋਰਟ ਤਿਆਰ ਕਰ ਕੇ ਡੀ.ਸੀ. ਮਾਨਸਾ ਨੂੰ ਭੇਜ ਦਿਤੀ ਜਿੰਨਾਂ ਜਾਂਚ ਟੀਮ ਦੀ ਸਿਫ਼ਾਰਸ਼ ਅਤੇ ਰੀਪੋਰਟਾਂ ਦੀ ਪੜਤਾਲ ਨੂੰ ਵੇਖਦੇ ਹੋਏ ਇਸ ਗਰੀਬ ਤੇ ਕੈਂਸਰ ਪੀੜਤ ਪਰਿਵਾਰ ਨੂੰ ਸਰਕਾਰੀ ਮਾਲੀ ਸਹਾਇਤਾ ਦੇਣ ਦੀ ਸਿਫ਼ਾਰਸ਼ ਸਾਰੇ ਦਸਤਾਵੇਜ ਨਾਲ ਨੱਥੀ ਕਰ ਕੇ ਪੱਤਰ ਨੰ: 18 /19/11/11 ਤਹਿਤ ਪ੍ਰਮੁੱਖ ਸਕੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿਤੀ। ਗੁਰਦੀਪ ਸਿੰਘ ਨੇ ਸਰਕਾਰ ’ਤੇ ਰੋਸ ਕਰਦਿਆਂ ਕਿਹਾ ਕਿ ਦੋ ਸਾਲ ਬੀਤਣ ’ਤੇ ਵੀ ਕਿਸੇ ਵਲੋਂ ਕੋਈ ਮਾਲੀ ਮੱਦਦ ਨਹੀਂ ਕੀਤੀ ਗਈ ਜਿਸ ਨੂੰ ਉਡੀਕਦੀ ਉਸ ਦੀ ਮਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਮੌਤ ਤੋਂ ਇਕ ਸਾਲ ਬਾਅਦ ਸਿਵਲ ਸਰਜਨ ਮਾਨਸਾ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਰਾਹੀਂ ਮਿਤੀ 29-6-2012 ਨੂੰ ਪੱਤਰ ਨੰਬਰ 1648 ਭੇਜ ਕੇ ਕੁੱਝ ਹੋਰ ਸ਼ਰਤਾਂ ਪੂਰੀਆਂ ਕਰਨ ਦਾ ਹੁਕਮ ਸੁਣਾ ਦਿਤਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.