ਤਪਾ ਮੰਡੀ, 12 ਅਗੱਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਸਥਾਨਕ ਸ਼ਹਿਰ ਅੰਦਰ ਮੀਡੀਆ ਵਲੋਂ ਲਗਾਤਾਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਪਧਰ ਪ੍ਰਤੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਖ਼ਬਰਦਾਰ ਕੀਤਾ ਜਾ ਰਿਹਾ ਹੈ ਪਰ ਸਿਹਤ ਵਿਭਾਗ ਅੱਖਾਂ ਬੰਦ ਕਰ ਤਮਾਸ਼ਾ ਵੇਖ ਰਿਹਾ ਹੈ। ਤਪਾ ਵਾਰਡ ਨੰਬਰ-9 ਵਿਚ ਰਹਿੰਦੇ ਦਰਸ਼ਨ ਸਿੰਘ ਪੁਰਬਾ ਦੇ ਪਰਵਾਰ ਵਲੋਂ ਮੇਲੇ ’ਚ ਆਏ ਰਿਸ਼ਤੇਦਾਰਾਂ ਨੂੰ ਰਾਤ ਦੀ ਰੋਟੀ ਸਮੇਂ ਡਿਸ਼ ਵਜੋਂ ਦਿਤੀ ਆਈਸ ਕ੍ਰੀਮ ਮਹਿੰਗੀ ਪੈ ਗਈ। ਸ਼ਹਿਰ ਦੀ ਗਲੀ ਨੰਬਰ ਚਾਰ ਦੀ ਨੁਕਰ ਦੀ ਦੁਕਾਨ ਤੋਂ ਲਿਆ ਕੇ ਖਵਾਈ ਆਈਸਕ੍ਰੀਮ ਨੂੰ ਖਾਣ ਵਾਲੇ ਸਾਰੇ ਹੀ ਵਿਅਕਤੀ ਸਵੇਰ ਸਮੇਂ ਅਪਣੇ ਬਿਸਤਰੇ ਵਿਚੋਂ ਨਾ ਉਠ ਸਕੇ ਜਿਸ ਕਾਰਨ ਬਾਕੀ ਪਰਵਾਰਕ ਮੈਂਬਰਾਂ ਨੇ ਉਕਤ ਬੇਹੋਸ਼ ਹੋਏ ਅੱਧੀ ਦਰਜਨ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਹਸਪਤਾਲ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵੀਰਪਾਲ ਕੌਰ, ਮਨਜੀਤ ਕੌਰ, ਜਸਪ੍ਰੀਤ ਕੌਰ, ਹਰਜੀਤ ਕੌਰ, ਹਰਪ੍ਰੀਤ ਕੌਰ ਅਤੇ ਜਗਸੀਰ ਸਿੰਘ ਮੂੰਧੇ ਮੂੰਹ ਹਸਪਤਾਲ ਦੇ ਮੰਜਿਆਂ ਉਪਰ ਪਏ ਸਨ। ਜਿਨ੍ਹਾਂ ਵਿਚੋਂ ਕੁੱਝ ਨੂੰ ਗੋਲੂਕੋਜ਼ ਦੀਆ ਡਰਿੱਪਾਂ ਲੱਗੀਆਂ ਹੋਈਆਂ ਸਨ। ਉਧਰ ਬੇਹੋਸ਼ ਵਿਅਕਤੀਆਂ ਦੇ ਸਿਰਹਾਣੇ ਦੁਕਾਨਦਾਰ ਦਾ ਮੁੰਡਾ ਵੀ ਬੈਠਿਆਂ ਵੇਖਿਆ ਗਿਆ।