ਨਵੀਂ ਦਿੱਲੀ, 12 ਅਗੱਸਤ (ਸੁਖਰਾਜ ਸਿੰਘ) : ਅਮਰੀਕਾ ਦੇ ਵਿਸਕਾਨਸਨ ਪ੍ਰਾਂਤ ਦੇ ਸ਼ਹਿਰ ਓਕ-ਕ੍ਰੀਕ ਵਿਖੇ ਗੁਰਦਵਾਰਾ ਸਾਹਿਬ ’ਚ ਪਿਛਲੇ ਦਿਨੀਂ ਵਾਪਰੀ ਗੋਲੀਬਾਰੀ ਦੀ ਘਟਨਾ ’ਤੇ ਅਤੇ ਦਿੱਲੀ ਦੇ ਮ੍ਰਿਤਕਾਂ ਪ੍ਰਤੀ ਅਫਸੋਸ ਪ੍ਰਗਟਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਬੀਤੇ ਦਿਨੀਂ ਸੱਦੀ ਗਈ ਐਗਜ਼ੈਕਟਿਵ ਕਮੇਟੀ ਅਤੇ ਹੋਰ ਪਤਵੰਤਿਆਂ ਦੀ ਮੀਟਿੰਗ ਵਿਚ ਨਾਂ ਮਾਤਰ ਗਿਣਤੀ ’ਚ ਵਿਅਕਤੀਆਂ ਵਲੋਂ ਸ਼ਮੂਲੀਅਤ ਕੀਤਾ ਜਾਣਾ ਇਸ ਗੱਲ ਵਲ ਸਪਸ਼ਟ ਸੰਕੇਤ ਕਰਦਾ ਹੈ ਕਿ ਹੁਣ ਦਿੱਲੀ ਦੇ 15 ਲੱਖ ਸਿੱਖਾਂ ’ਚ ਸਰਨਾ ਭਰਾਵਾਂ ਦਾ ਕੋਈ ਵਜ਼ੂਦ ਨਹੀਂ ਬਚਿਆ ਹੈ ਅਤੇ ਸਿੱਖ ਸੰਗਤਾਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਚੁੱਕੀਆਂ ਹਨ। ਇਹ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਯੂਥ ਵਿੰਗ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਕੀਤਾ ਗਿਆ। ਸ: ਸਿਰਸਾ ਨੇ ਕਿਹਾ ਕਿ ਇੰਨੇ ਵੱਡੇ ਮਸਲੇ ਨੂੰ ਲੈ ਕੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ (ਸਰਨਾ ਭਰਾਵਾਂ) ਦੀਆਂ ਪਿਛਲੀਆਂ ਨਾਕਾਮੀਆਂ ਅਤੇ ਹਊਮੈ ਦਾ ਪ੍ਰਤੀਕ ਹੈ ਕਿਉਂਕਿ ਇਹ ਗੱਲ ਹੁਣ ਸਾਰਿਆਂ ਨੂੰ ਸਮਝ ਆ ਚੁੱਕੀ ਹੈ ਕਿ ਸਰਨਾ ਭਰਾਵਾਂ ਨੇ ਕਰਨਾ ਤਾਂ ਉਹੋ ਹੈ ਜੋ ਉਨ੍ਹਾਂ ਨੇ ਸੋਚ ਰਖਿਆ ਹੈ ਤਾਂ ਫਿਰ ਉਨ੍ਹਾਂ ਵਲੋਂ ਸੱਦੀ ਮੀਟਿੰਗ ’ਚ ਜਾ ਕੇ ਫਜ਼ੂਲ ’ਚ ਅਪਣਾ ਸਮਾਂ ਕਿਉਂ ਖਰਾਬ ਕਰੀਏ। ਸ: ਸਿਰਸਾ ਨੇ ਅਪਣੇ ਬਿਆਨ ਵਿਚ ਦੋਸ਼ ਲਾਉਂਦਿਆਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਸੱਦੀ ਗਈ ਸੋਗ ਮੀਟਿੰਗ ’ਚ ਸ਼ਾਮਲ ਹੋਣ ਵਾਲੇ ਪਤਵੰਤੇ ਜਿਹੜੇ ਕਿ ਗੁਰਦਵਾਰਾ ਸਾਹਿਬ ’ਚ ਵਾਪਰੀ ਅਣਮਨੁੱਖੀ ਘਟਨਾ ਦੀ ਨਿਖੇਧੀ ਕਰਨ ਅਤੇ ਭਵਿੱਖ ’ਚ ਅਜਿਹੀ ਘਟਨਾਵਾਂ ਤੇ ਰੋਕ ਲਗਾਉਣ ਲਈ ਵਿਚਾਰਾਂ ਕਰਨ ਲਈ ਇਸ ’ਚ ਸ਼ਾਮਲ ਹੋਏ ਸਨ ਉਨ੍ਹਾਂ ਦੇ ਕਿਸੇ ਵਿਚਾਰ ਨਾਲ ਸਾਂਝ ਪਾ ਕੇ ਕੋਈ ਅਹਿਮ ਫੈਸਲਾ ਕੀਤੇ ਬਿਨਾਂ ਹੀ ਮੀਟਿੰਗ ਦੀ ਸਮਾਪਤੀ ਕਰ ਦਿਤੀ ਗਈ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸੋਗ ਮੀਟਿੰਗ ਦਾ ਮਾਹੌਲ ਤੁਰੰਤ ਹੀ ‘ਕਾਮੇਡੀ ਸਰਕਸ’ ’ਚ ਤਬਦੀਲ ਹੋ ਗਿਆ ਜੋ ਕਿ ਅਤੀ-ਮੰਦਭਾਗਾ ਹੈ । ਸ: ਸਿਰਸਾ ਨੇ ਦੋਸ਼ ਲਗਾਇਆ ਕਿ ਅਮਰੀਕਾ ਦੇ ਗੁਰਦਵਾਰੇ ’ਚ ਵਾਪਰੀ ਘਟਨਾ ਲਈ ਸਰਨਾ ਭਰਾਵਾਂ ਵਲੋਂ ਅਮਰੀਕੀ ਪੁਲਸ ਦੇ ਜਵਾਨਾਂ ਨੂੰ 5 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਜਾਣਾ ਸ਼ਲਾਘਾਯੋਗ ਹੈ ਕਿ ਪਰੰਤੂ ਉਨ੍ਹਾਂ ਵਲੋਂ ਪਿਛਲੇ ਦਿਨੀਂ ਹੀ ਗੁਰਦਵਾਰਾ ਬੰਗਲਾ ਸਾਹਿਬ ’ਚ ਡਿਊਟੀ ਦੌਰਾਨ ਇਕ ਸੇਵਾਦਾਰ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੇ ਬਾਵਜ਼ੂਦ ਗ਼ਰੀਬ ਸੇਵਾਦਾਰ ਦੇ ਅੰਤਮ ਸਸਕਾਰ ਤਕ ਲਈ 5 ਹਜ਼ਾਰ ਰੁਪਏ ਦੀ ਮਾਲੀ ਮਦਦ ਨਹੀਂ ਕੀਤਾ ਜਾਣਾ ਵੀ ਬੜਾ ਹੀ ਸ਼ਰਮਨਾਕ ਹੈ। ਇਹੋ ਨਹੀਂ ਸਰਨਾ ਭਰਾਵਾਂ ਵਲੋਂ ਇਹ ਕਹਿ ਕੇ ਮ੍ਰਿਤਕ ਦੇ ਪਰਵਾਰ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।