ਨਵਾਂਗਰਾਉਂ, 12 ਅਗਸਤ (ਰਾਜਾ ਸਿੰਘ ਭੰਗੂ) : ਪਿੰਡ ਕਰੌਂਦਿਆਂ ਵਾਲਾ ਦੇ ਵਸਨੀਕ ਜਸਪਾਲ ਸਿੰਘ ਨੇ ਕੁਝ ਵਿਅਕਤੀਆਂ ਵਲੋਂ ਬਰਸਾਤੀ ਪਾਣੀ ਨੂੰ ਰੋਕ ਲਗਾਕੇ ਉਸ ਦੀ ਫ਼ਸਲ ਦਾ ਨੁਕਸਾਨ ਕਰਨ ਸਬੰਧੀ ਪੰਚਾਇਤ ਵਲੋਂ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਹੈ। ਲਿਖਤੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦਸਿਆ ਕਿ ਜਿਥੇ ਪਿੰਡ ਦਾ ਪਾਣੀ ਉਸ ਦੀ ਜ਼ਮੀਨ ’ਚ ਦੀ ਸੁੱਟਿਆ ਜਾ ਰਿਹਾ ਹੈ, ਉਥੇ ਹੁਣ ਉਸ ਤੋਂ ਅਗਲੀ ਜ਼ਮੀਨ ਦੇ ਮਾਲਕ ਵਲੋਂ ਪਾਣੀ ਦੇ ਵਹਾਅ ਅੱਗੇ ਕੰਧ ਕਰ ਦਿਤੇ ਜਾਣ ਕਾਰਨ ਉਸਦੀ ਜ਼ਮੀਨ ਟੋਬੇ ਦੀ ਤਰ੍ਹਾਂ ਭਰ ਗਈ ਹੈ। ਜਿਸ ਨਾਲ ਉਸਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ਤੇ ਜ਼ਮੀਨ ’ਚ ਘਾਹ ਫੂਸ ਦੀ ਹੀ ਭਰਮਾਰ ਹੋ ਗਈ ਹੈ। ਇਸ ਸਬੰਧੀ ਉਸ ਵਲੋਂ ਪੰਚਾਇਤ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਸਦੇ ਚੱਲਦਿਆਂ ਕੁਝ ਅਸਰ ਰਸੂਖ ਵਾਲੇ ਵਿਅਕਤੀਆਂ ਨੇ ਹੁਣ ਇਸ ਮਾਮਲੇ ’ਚ ਉਸ ਦੀ ਗ਼ਰੀਬੀ ਦਾ ਫ਼ਾਇਦਾ ਚੁੱਕਦਿਆਂ ਉਸ ਨੂੰ ਹੋਰ ਵੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਹੈ। ਜਸਪਾਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰ ਕੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।