ਚੰਡੀਗੜ੍ਹ, 12 ਅਗੱਸਤ (ਆਰ.ਐਸ. ਲਿਬਰੇਟ) : ਕੀ ਔਰਤਾਂ ਪਤੀ ਕੋਲ ਗਹਿਣਿਆਂ ਦੀ ਤਰ੍ਹਾਂ ਇਕ ਧੀ ਲਈ ਜ਼ਿੱਦ ਨਹੀਂ ਕਰ ਸਕਦੀਆਂ। ਇਹ ਪ੍ਰਗਟਾਵਾ ਮਹਿਲਾਵਾਂ ਨੂੰ ਭਰੂਣ ਹਤਿਆ ਵਿਰੁਧ ਜਾਗਰੂਕ ਕਰਨ ਲਈ ਨੁਕਤੇ ਦਸਦਾ ਹੋਏ ਬੀਬੀ ਅਨੀਤਾ ਵਰਮਾ ਕੌਮੀ ਮਹਿਲਾ ਕਾਂਗਰਸ ਨੇ ਕੀਤਾ। ਬੀਬੀ ਵਰਮਾ ਨੇ ਕਿਹਾ ਕਿ ਜੇ ਔਰਤਾਂ ਅਪਣੇ ਪਤੀ ਨੂੰ ਜ਼ਿੱਦ ਅਤੇ ਪਿਆਰ ਨਾਲ ਗਹਿਣੇ ਖ਼ਰੀਦ ਲਈ ਮਨਾ ਲੈਂਦੀਆਂ ਹਨ ਤਾਂ ਕਿ ਔਰਤਾਂ ਭਰੂਣ ਹਤਿਆ ਵਰਗੀ ਕੁਰੀਤੀ ਨੂੰ ਖ਼ਤਮ ਕਰਨ ਲਈ ਅਪਣੇ ਪਤੀ ਨੂੰ ਅਪਣੇ ਨਾਲ ਨਹੀਂ ਰਲਾ ਸਕਦੀਆਂ। ਇਸ ਲਈ ਉਨ੍ਹਾਂ ਨੂੰ ਅਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਪਛਾਣਨ ਦੀ ਲੋੜ ਹੈ।
ਚੰਡੀਗੜ੍ਹ ਮਹਿਲਾ ਕਾਂਗਰਸ ਵਲੋਂ ਲਾਅ ਭਵਨ ਚੰਡੀਗੜ੍ਹ ਵਿਚ ਕਰਵਾਏ ਸਮਾਗਮ ਦੌਰਾਨ ਬੀਬੀ ਵਰਮਾ ਨੇ ਔਰਤਾਂ ਨੂੰ ਵੰਗਾਰਦੇ ਕਿਹਾ ਕਿ ਅੱਜ ਔਰਤ ਨੂੰ ਅਪਣੀਆਂ ਸ਼ਕਤੀਆਂ, ਅਧਿਕਾਰਾਂ ਦੀ ਰਾਖੀ ਕਰਨ ਲਈ ਸਿਖਿਅਤ ਹੋਣ ਦੀ ਜ਼ਰੂਰਤ ਹੈ। ਉੁਨ੍ਹਾਂ ਔਰਤਾਂ ਨੂੰ ਕਿਹਾ ਕਿ ਕਾਨੂੰਨ ਤੁਹਾਡੇ ਨਾਲ ਹੈ, ਕਾਨੂੰਨ ਵਿਚ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਮਿਲੇ ਹੋਏ ਹਨ। ਬੀਬੀ ਅਨੀਤਾ ਵਰਮਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰ ਨੇ ਔਰਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿਤੇ ਹਨ। ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਤੋਂ ਬਾਅਦ ਦਾ ਸਾਰਾ ਖਰਚਾ ਕੇਂਦਰ ਸਰਕਾਰ ਦੇ ਰਹੀ ਹੈ। ਲੋੜ ਹੈ ਇਨ੍ਹਾਂ ਸਹੂਲਤਾਂ ਨੂੰ ਲੈਣ ਲਈ ਜਾਗਰੂਕ ਹੋਣ ਅਤੇ ਸਿਖਿਅਤ ਹੋਣ ਦੀ।
ਸਮਾਗਮ ਦੌਰਾਨ ਸ੍ਰੀਮਤੀ ਮਧੂ ਬਾਂਸਲ ਨੇ ਕਿਹਾ ਕਿ ਔਰਤਾਂ ਨੂੰ ਬਹੁਤ ਸ਼ਕਤੀਆਂ ਮਿਲੀਆਂ ਹੋਈਆਂ ਪਰ ਔਰਤਾਂ ਅੱਖਰ ਗਿਆਨ ਦੀ ਘਾਟ ਕਾਰਨ ਇਨ੍ਹਾਂ ਤੋਂ ਅਣਜਾਣ ਹਨ। ਇਸ ਲਈ ਹਰ ਮਾਂ ਅਪਣੀ ਧੀ ਨੂੰ ਜ਼ਰੂਰ ਪੜ੍ਹਾਵੇ ਅਤੇ ਇਸ ਸਮਾਗਮ ਵਿਚ ਇਹ ਪ੍ਰਣ ਕਰ ਕੇ ਜਾਵੇ ਕਿ ਉਸ ਨੇ ਅਪਣੀ ਧੀ ਨੂੰ ਅਪਣੇ ਤੋਂ ਵੱਧ ਜਾਗਰੂਕ ਕਰਨਾ ਹੈ।
ਡਾ. ਅਨੀਤਾ ਬੱਬਰ ਸਕੱਤਰ ਕੌਮੀ ਮਹਿਲਾ ਕਾਂਗਰਸ ਅਤੇ ਚੰਡੀਗੜ੍ਹ ਇੰਚਾਰਜ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮਹਿਲਾਵਾਂ ਦੀ ਤਰੱਕੀ ਵਿਚ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਔਰਤਾਂ ਕੇਂਦਰ ਸਰਕਾਰ ਵਲੋਂ ਔਰਤਾਂ ਦੇ ਹੱਕ ਵਿਚ ਚਲਾਈਆਂ ਜਾ ਰਹੀਆਂ ਸਹੂਲਤਾਂ ਅਤੇ ਯੋਜਨਾਵਾਂ ਦੀ ਵਰਤੋਂ ਕਰਨ।
ਸ੍ਰੀਮਤੀ ਮੀਨਾਕਸ਼ੀ ਚੌਧਰੀ ਪ੍ਰਧਾਨ ਚੰਡੀਗੜ੍ਹ ਮਹਿਲਾ ਕਾਂਗਰਸ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਤੋਂ ਪਹੁੰਚੀਆਂ ਔਰਤ ਆਗੂਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸ੍ਰੀਮਤੀ ਲਲਿਤ ਜੋਸ਼ੀ ਉਪ ਪ੍ਰਧਾਨ ਕੌਮੀ ਮਹਿਲਾ ਕਾਂਗਰਸ, ਸਾਬਕਾ ਚੰਡੀਗੜ੍ਹ ਮੇਅਰ ਅਤੇ ਪ੍ਰਧਾਨ ਸ੍ਰੀਮਤੀ ਮਾਲਤੀ ਥਾਪਰ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ, ਪੂਨਮ ਸ਼ਰਮਾ ਸ੍ਰੀਮਤੀ ਬਾਜਵਾ ਅਤੇ ਸ੍ਰੀ ਬੀ.ਬੀ. ਬਹਿਲ ਪ੍ਰਧਾਨ ਕਾਂਗਰਸ ਪਾਰਟੀ ਚੰਡੀਗੜ੍ਹ ਇਕਾਈ ਨੇ ਵੀ ਸੰਬੋਧਨ ਕੀਤਾ। ਅਖ਼ੀਰ ਵਿਚ ਸ੍ਰੀਮਤੀ ਰਾਜਬਾਲਾ ਮਲਿਕ ਮੇਅਰ ਚੰਡੀਗੜ੍ਹ ਨੇ ਆਈਆਂ ਮਹਿਲਾ ਅਹੁਦੇਦਾਰਾਂ ਦਾ ਧਨਵਾਦ ਕੀਤਾ।
ਇਸ ਮੌਕੇ ਕੌਂਸਲਰ ਸ਼ੀਲਾ ਦੇਵੀ, ਸ੍ਰੀਮਤੀ ਸਲੋਚਨਾ ਕੌਂਸਲਰ ਸ੍ਰੀਮਤੀ ਗੁਰਬਖ਼ਸ਼ ਰਾਵਤ ਅਤੇ ਚੰਡੀਗੜ੍ਹ ਮਹਿਲਾ ਕਾਂਗਰਸ ਦੀਆਂ ਅਲੱਗ-ਅਲੱਗ ਸੈਕਟਰਾਂ ਦੀਆਂ ਅਹੁਦੇਦਾਰ ਔਰਤਾਂ ਇਸ ਮੌਕੇ ਹਾਜ਼ਰ ਸਨ।