ਚੰਬਾ, 11 ਅਗੱਸਤ : ਚੰਬਾ ਤੋਂ 25 ਕਿਲੋਮੀਟਰ ਦੂਰ ਚੰਬਾ-ਗਾਗਲਾ ਮਾਰਗ ’ਤੇ ਅੱਜ ਬੱਸ ਖੱਡ ਵਿਚ ਡਿੱਗ ਜਾਣ ਨਾਲ 52 ਲੋਕਾਂ ਦੀ ਮੌਤ ਹੋ ਗਈ ਜਦਕਿ 46 ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਖੇਤਰੀ ਹਸਪਤਾਲ ਚੰਬਾ ਵਿਚ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ’ਚ ਕਈ ਲੋਕਾਂ ਨੇ ਅਪਣਾ ਪੂਰਾ ਪਰਵਾਰ ਗਵਾ ਦਿਤਾ ਹੈ। ਹਾਦਸੇ ਦੇ ਕਾਰਨ ਬੱਸ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਨੂੰ ਭਰਨਾ ਦਸਿਆ ਗਿਆ ਹੈ। ਬੱਸ ਵਿਚ 42 ਲੋਕਾਂ ਦੇ ਬੈਠਣ ਲਈ ਥਾਂ ਸੀ ਪਰ ਇਸ ਵਿਚ 98 ਯਾਤਰੀ ਸਵਾਰ ਸਨ। ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੀੜਤਾਂ ਦੀ ਹਰ ਸੰਭਵ ਮਦਦ ਦੇਣ ਦੀਆਂ ਹਦਾਇਤਾਂ ਦਿਤੀਆਂ ਹਨ।
ਸਵੇਰੇ ਤਕਰੀਬਨ 8.30 ਵਜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਾਗਲਾ ਤੋਂ ਚੰਬਾ ਲਈ ਨਿਕਲੀ ਬੱਸ ਬੜੇਈ ਵਿਚ ਮੈਗਜ਼ੀਨ ਪੁਆਇੰਟ ਕੋਲ ਖੱਡ ’ਚ ਡਿੱਗ ਪਈ। ਹਾਦਸੇ ਵਿਚ ਜ਼ਿੰਦਾ ਬਚੇ ਵਿਜੇ ਸਿੰਘ ਅਨੁਸਾਰ ਮੈਗਜ਼ੀਨ ਪੁਆਇੰਟ ਕੋਲ ਅਚਾਨਕ ਬੱਸ ਦਾ ਪਹੀਆ ਨਿਕਲ ਗਿਆ ਅਤੇ ਉਹ ਖੱਡ ਵਲ ਝੁਕ ਗਈ। ਬੱਸ ਨੂੰ ਖੱਡ ਵਲ ਜਾਂਦਾ ਵੇਖ ਕੇ ਉਹ ਸੜਕ ’ਤੇ ਉਤਰ ਗਿਆ ਪਰ ਜਦੋਂ ਤਕ ਉਹ ਖ਼ੁਦ ਨੂੰ ਸੰਭਾਲਦਾ, ਬੱਸ ਤਕਰੀਬਨ 200 ਮੀਟਰ ਹੇਠਾਂ ਡੂੰਘੀ ਖੱਡ ਵਿਚ ਡਿੱਗ ਪਈ ਸੀ ਜਿਸ ਤੋਂ ਬਾਅਦ ਬੱਸ ਟੁਕੜਿਆਂ ਵਿਚ ਵੰਡੀ ਗਈ। (ਬਾਕੀ ਸਫ਼ਾ 2 ’ਤੇ)
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਚੰਬਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰ ਦਿਤੇ। ਐਸ.ਡੀ.ਐਮ. ਰੋਹਿਤ ਰਾਠੌੜ, ਪੁਲਿਸ ਮੁਖੀ ਕੁਲਦੀਪ ਸ਼ਰਮਾ ਸਣੇ ਕਈ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ। ਮਰਨ ਵਾਲਿਆਂ ਵਿਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ ਜਦਕਿ 39 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 13 ਯਾਤਰੀ ਹਸਪਤਾਲ ਵਿਖੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਏ। ਚੰਬਾ ਦੇ ਡੀ.ਸੀ. ਅਨੁਸਾਰ ਸਾਰੇ ਮਰਨ ਵਾਲਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜ਼ਖ਼ਮੀਆਂ ਵਿਚੋਂ 12 ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਹਿਮਾਚਲ ਵਿਧਾਨ ਸਭਾ ਦੇ ਸਪੀਕਰ ਤੁਲਸੀ ਰਾਮ ਅਤੇ ਵਿਧਾਇਕ ਬੀ. ਚੌਹਾਨ ਘਟਨਾ ਦੀ ਖ਼ਬਰ ਮਿਲਦਿਆਂ ਹੀ ਤੁਰਤ ਮੌਕੇ ’ਤੇ ਪਹੁੰਚੇ ਜਦਕਿ ਉਨ੍ਹਾਂ ਨੂੰ ਭੀੜ ਦੇ ਗੁੱਸੇ ਦਾ ਸ਼ਿਕਾਰ ਬਣਨਾ ਪਿਆ। ਭੀੜ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿਤੇ ਅਤੇ ਨਾਹਰੇਬਾਜ਼ੀ ਕੀਤੀ। ਮ੍ਰਿਤਕਾਂ ਦੇ ਪ੍ਰਤੀ ਪਰਵਾਰ ਲਈ ਇਕ-ਇਕ ਲੱਖ ਰੁਪਏ ਦੀ ਰਾਹਤ ਦਾ ਐਲਾਨ ਕੀਤਾ ਗਿਆ ਹੈ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਤੁਰਤ 10-10 ਹਜ਼ਾਰ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ ਡਾਕਟਰੀ ਮਦਦ ਤੋਂ ਇਲਾਵਾ 5-5 ਹਜ਼ਾਰ ਰੁਪਏ ਦੀ ਰਾਹਤ ਰਕਮ ਦਿਤੀ ਗਈ ਹੈ। ਹਾਦਸੇ ਦੀ ਮੈਜਿਸਟਰੇਟ ਤੋਂ ਜਾਂਚ ਦੇ ਹੁਕਮ ਦਿਤੇ ਗਏ ਹਨ। ਮੁੱਖ ਮੰਤਰੀ ਪੀ.ਕੇ. ਧੂਮਲ ਨੇ ਮ੍ਰਿਤਕਾਂ ਦੇ ਪਰਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹ ਪੀੜਤਾਂ ਨੂੰ ਤੁਰਤ ਹਰ ਸੰਭਵ ਮਦਦ ਦੇਣ। ਹਾਦਸੇ ਵਿਚ ਮਾਰੇ ਗਏ ਵਧੇਰੇ ਯਾਤਰੀ ਮਿੰਜਰ ਮੇਲੇ ਦੇ ਆਖ਼ਰੀ ਦਿਨ ਖ਼ਰੀਦਦਾਰੀ ਲਈ ਚੰਬਾ ਜਾ ਰਹੇ ਸਨ। ਹਾਦਸੇ ਦਾ ਸ਼ਿਕਾਰ ਬੱਸ ਖ਼ਸਤਾ ਹਾਲ ਸੀ ਅਤੇ ਬਹੁਤੇ ਯਾਤਰੀ ਬੱਸ ਦੀ ਛੱਤ ’ਤੇ ਸਵਾਰ ਸਨ। ਗਾਗਲਾ ਪਿੰਡ ਦੇ ਲੋਕ ਸਰਕਾਰੀ ਬੱਸ ਸੇਵਾ ਦੀ ਮੰਗ ਕਰ ਰਹੇ ਸਨ ਪਰ ਪ੍ਰਸ਼ਾਸਨ ਵਲੋਂ ਭਰੋਸਾ ਦਿਤੇ ਜਾਣ ਦੇ ਬਾਵਜੂਦ ਵੀ ਸਰਕਾਰੀ ਬੱਸ ਨਾ ਹੋਣ ਕਾਰਨ ਲੋਕਾਂ ਨੂੰ ਨਿਜੀ ਬੱਸ ਰਾਹੀਂ ਚੰਬਾ ਤਕ ਸਫ਼ਰ ਕਰਨਾ ਪੈਂਦਾ ਸੀ। (ਪੀ.ਟੀ.ਆਈ.)