ਨਿਊ ਯਾਰਕ ਸਿਟੀ, 11 ਅਗੱਸਤ : 9/11 ਦੇ ਅਤਿਵਾਦੀ ਹਮਲਿਆਂ ਪਿੱਛੋਂ ਅਮਰੀਕਾ ਵਿਚ ਵਸਦੇ ਸਿੱਖ ਲਗਾਤਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਫ਼ਿਰਕੂ ਨਫ਼ਰਤ ਕਾਰਨ ਪਿਛਲੇ ਦਿਨੀਂ ਵਿਸਕਾਨਸਨ ਦੇ ਸ਼ਹਿਰ ਓਕ ਕਰੀਕ ਦੇ ਗੁਰਦਵਾਰੇ ’ਚ ਇਕ ਸਿਰਫਿਰੇ ਗੋਰੇ ਮਾਈਕਲ ਪੇਜ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 6 ਸਿੱਖਾਂ ਨੂੰ ਮਾਰ ਦਿਤਾ ਸੀ। ਇਸ ਘਟਨਾ ਪਿੱਛੋਂ ਪੂਰੇ ਅਮਰੀਕਾ ’ਚ ਸਿੱਖਾਂ ਪ੍ਰਤੀ ਪੈਦਾ ਹੋਈ ਹਮਦਰਦੀ ਦੇ ਮੱਦੇਨਜ਼ਰ ਨਿਊ ਯਾਰਕ ਸਿਟੀ ਦੇ ਇਕ ਉ¤ਚ ਅਧਿਕਾਰੀ ਜਾਹਨ ਸੀ. ਲਿਊ ਨੇ ਮੇਅਰ ਬਲੂਮਬਰਗ ਨੂੰ ਲਿਖੇ ਇਕ ਪੱਤਰ ਵਿਚ ਮੰਗ ਕੀਤੀ ਹੈ ਕਿ ਨਿਊ ਯਾਰਕ ਦੇ ਪੁਲਿਸ ਮਹਿਕਮੇ ਵਿਚ ਸਿੱਖਾਂ ਨੂੰ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ। ਵਿਸਕਾਨਸਨ ਗੁਰਦਵਾਰੇ ਵਿਚ ਹੋਈ ਗੋਲੀਬਾਰੀ ਦੇ ਸੰਦਰਭ ਵਿਚ ਮੇਅਰ ਵਲੋਂ ਸਿੱਖ ਕੌਮ ਪ੍ਰਤੀ ਪ੍ਰਗਟ ਕੀਤੇ ਗਏ ਸਤਿਕਾਰ ਦਾ ਸ਼ੁਕਰਾਨਾ ਕਰਦਿਆਂ ਜਾਹਨ ਲਿਊ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਹੁਣ ਨਿਊ ਯਾਰਕ ਦੇ ਪੁਲਿਸ ਮਹਿਕਮੇ ਵਿਚ ਸਿੱਖਾਂ ਨੂੰ ਸ਼ਾਮਲ ਕਰਨ ਦਾ ਸੁਨਹਿਰੀ ਮੌਕਾ ਹੈ ਅਤੇ ਉੁਨ੍ਹਾਂ ਦੇ ਪਹਿਰਾਵੇ ਵਿਚ ਵੀ ਅਰਥ-ਪੂਰਨ ਤਬਦੀਲੀ ਦੀ ਲੋੜ ਹੈ। ਇਸ ਤਬਦੀਲੀ ਵਿਚ ਸਿੱਖ ਪੁਲਿਸ ਅਫ਼ਸਰਾਂ ਨੂੰ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਆਗਿਆ ਜ਼ਰੂਰ ਮਿਲਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਜਤਿੰਦਰ ਸਿੰਘ ਵਲੋਂ ਜਾਰੀ ਬਿਆਨ ’ਚ ਦਸਿਆ ਗਿਆ ਹੈ ਕਿ ਜਥੇਬੰਦੀ ਦੇ ਪ੍ਰਤੀਨਿਧਾਂ ਨੇ ਸ੍ਰੀ ਜਾਹਨ ਲਿਊ ਨਾਲ ਇਕ ਮੁਲਾਕਾਤ ਕਰ ਕੇ ਉਨ੍ਹਾਂ ਨਾਲ ਸਿੱਖ ਪਛਾਣ ਦਾ ਸਾਰਾ ਮਾਮਲਾ ਵਿਚਾਰਿਆ ਸੀ। ਇਸੇ ਲੜੀ ਤਹਿਤ ਲਿਊ ਨੇ ਮੇਅਰ ਨੂੰ ਇਹ ਪੱਤਰ ਲਿਖਿਆ ਹੈ। ਯੂਨਾਈਟਿਡ ਸਿੱਖਜ਼ ਦੇ ਪ੍ਰਾਜੈਕਟ ਮੈਨੇਜਰ ਜਸਮਿੰਦਰ ਕੌਰ ਨੇ ਜਿਹੜੇ 9 ਅਗੱਸਤ, 2012 ਨੂੰ ਜਾਹਨ ਲਿਊ ਨਾਲ ਹੋਈ ਮੀਟਿੰਗ ਵਿਚ ਸ਼ਾਮਲ ਸਨ, ਨੇ ਲਿਊ ਦੀ ਇਸ ਪਹਿਲ-ਕਦਮੀ ਦਾ ਸਵਾਗਤ ਕੀਤਾ ਹੈ। (ਏਜੰਸੀ)