ਭਗਤਾ ਭਾਈਕਾ, 10 ਅਗੱਸਤ (ਵੀਰਪਾਲ ਭਗਤਾ) : ਅਕਾਲੀ-ਭਾਜਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਕਾਂਗਰਸ ਦੀਆਂ ਆਸਾਂ ’ਤੇ ਪਾਣੀ ਫੇਰ ਕੇ ਮੁੜ ਸੱਤਾ ’ਤੇ ਕਾਬਜ਼ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਉਥੇ ਪੰਜਾਬ ਭਰ ’ਚ ਕਾਂਗਰਸ ਹਾਲ ਦੀ ਘੜੀ ਸੰਭਲਣ ਦਾ ਕੋਈ ਮੌਕਾ ਮਿਲਦਾ ਨਜ਼ਰ ਨਹੀਂ ਆ ਰਿਹਾ। ਜਦਕਿ ਅਕਾਲੀ-ਭਾਜਪਾ ਦਿਨ ਬ ਦਿਨ ਆਪਣੀ ਮਜਬੂਤੀ ਲਈ ਪੈਰ ਪਸਾਰ ਰਿਹਾ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਲਕੇ ਅੰਦਰ ਕਾਂਗਰਸ ਦਾ ਸਫ਼ਾਇਆ ਕਰਨ ਲਈ ਵਿਸ਼ੇਸ਼ ਮੁਹਿੰਮ ਅਰੰਭ ਹੈ। ਉਹ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਸਮਰਥਕਾਂ ਨੂੰ ਸਤਿਕਾਰ ਨਾਲ ਅਕਾਲੀ ਦਲ ਵਿਚ ਸ਼ਾਮਲ ਕਰਨ ਲਈ ਅਹਿਮ ਉਪਰਾਲੇ ਕਰ ਰਹੇ ਹਨ, ਜਿਸ ਲਈ ਸ. ਮਲੂਕਾ ਨੇ ਇਸ ਯੋਜਨਾ ਦੀ ਸਫ਼ਲਤਾ ਲਈ ਅਪਣੇ ਵਫ਼ਦਾਰ ਸਮਰਥਕਾਂ ਦੀਆਂ ਡਿਊਟੀਆਂ ਲਾ ਦਿਤੀਆਂ ਹਨ। ਇਸੇ ਲੜੀ ਤਹਿਤ ਪਿੰਡ ਕੇਸਰ ਸਿੰਘ ਵਾਲਾ ’ਚ ਕਾਂਗਰਸ ਪਾਰਟੀ ਨੂੰ ਉਦੋਂ ਰਾਜਸੀ ਝਟਕਾ ਲਗਿਆ, ਜਦੋਂ ਪਿੰਡ ਦੇ ਸਾਬਕਾ ਸਰਪੰਚ ਅਤੇ ਪੰਜ ਸਾਬਕਾ ਪੰਚਾਂ ਸਮੇਤ ਕਰੀਬ 2 ਦਰਜਨ ਕਾਂਗਰਸੀ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਵਿਚ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਗਿੱਲ, ਨੰਬਰਦਾਰ ਹਰਬੰਸ ਸਿੰਘ ਬਰਾੜ, ਸਵਰਨ ਸਿੰਘ ਸਾਬਕਾ ਪ੍ਰਧਾਨ ਕੋਪਾ. ਸੁਸਾਇਟੀ, ਬਚਿੱਤਰ ਸਿੰਘ ਖਾਲਸਾ ਕਲੱਬ ਪ੍ਰਧਾਨ, ਮੋਹਨ ਸਿੰਘ ਸਾਬਕਾ ਪੰਚ, ਨਾਹਰ ਸਿੰਘ ਸਾਬਕਾ ਪੰਚ, ਬਲਵੀਰ ਸਿੰਘ ਸਾਬਕਾ ਪੰਚ, ਹਰਨੇਕ ਸਿੰਘ ਸਾਬਕਾ ਪੰਚ, ਪ੍ਰਿਤਪਾਲ ਸਿੰਘ ਬਰਾੜ ਸਾਬਕਾ ਪੰਚ ਆਦਿ ਸ਼ਾਮਲ ਹਨ।