ਕੁਰਾਲੀ, 10 ਅਗੱਸਤ (ਸੁਖਜਿੰਦਰ ਸੋਢੀ) : ਕੁਰਾਲੀ ਪੁਲਿਸ ਨੇ ਅੱਜ ਸ਼ਹਿਰ ਦੀ ਹੱਦ ਅੰਦਰ ਵੱਖ-ਵੱਖ ਥਾਵਾਂ ’ਤੇ ਲਾਏ ਨਾਕਿਆਂ ਦੌਰਾਨ ਆਵਜਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਦੋ ਦਰਜਨ ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੱਟੇ ਹਨ। ਸਥਾਨਕ ਸ਼ਹਿਰ ’ਚੋਂ ਗੁਜਰਦੇ ਕੌਮੀ ਮਾਰਗ ’ਤੇ ਰੋਪੜ ਰੋੜ ਵਿਖੇ ਗੁੱਗਾ ਮਾੜੀ ਸਾਹਮਣੇ ਲਗਾਏ ਇਕ ਨਾਕੇ ਦੌਰਾਨ ਪੁਲਿਸ ਪ੍ਰਸ਼ਾਸਨ ਅੱਗੇ ਅਫ਼ਸਰੀ ਘੋਟਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਾ ਵੀ ਨੀਲੀ ਬੱਤੀ ਲਗਾਉਣ ਕਾਰਨ ਕੁਰਾਲੀ ਪੁਲਿਸ ਨੇ ਚਲਾਨ ਕੱਟਿਆ ਹੈ। ਜਾਣਕਾਰੀ ਅਨੁਸਾਰ ਸਵਤੰਤਰ ਦਿਵਸ ਅਤੇ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖ਼ਤਾਈ ਕਰਦਿਆਂ ਕੁਰਾਲੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਉਂਦਿਆਂ ਥਾਂ-ਥਾਂ ’ਤੇ ਨਾਕੇ ਲਗਾ ਕੇ ਜਿਥੇ ਅਵਾਰਗਰਦ ਘੁੰਮ ਰਹੀ ਮੁੰਡੀਰ ਨੂੰ ਨੱਥ ਪਾਈ ਹੈ, ਉਥੇ ਹੀ ਚੰਡੀਗੜ੍ਹ ਤੋਂ ਗੁਰਦਾਸਪੁਰ ਪਰਤ ਰਹੇ ਇਕ ਬੀ.ਡੀ.ਪੀ.ਓ. ਦੀ ਪ੍ਰਾਈਵੇਟ ਕਾਰ ’ਤੇ ਨੀਲੀ ਬੱਤੀ ਲੱਗੀ ਵੇਖ ਕੇ ਕੁਰਾਲੀ ਪੁਲਿਸ ਨੇ ਉਸਨੂੰ ਰੋਕਿਆ ਅਤੇ ਗੁਰਜੀਤ ਸਿੰਘ ਪੁੱਤਰ ਦਿਲਰਾਜ ਸਿੰਘ ਨਾਮਕ ਬੀ.ਡੀ.ਪੀ.ਓ. ਗੁਰਦਾਸਪੁਰ ਦੁਆਰਾ ਟ੍ਰੈਫ਼ਿਕ ਪੁਲਿਸ ਇੰਚਾਰਜ ਰਾਜਿੰਦਰ ਸਿੰਘ, ਮਹੇਸ਼ ਕੁਮਾਰ ਸੈਣੀ ਥਾਣਾ ਸਦਰ ਮੁਖੀ ਅਤੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨਾਲ ਕਾਫ਼ੀ ਤੂੰ-ਤੂੰ, ਮੈਂ-ਮੈਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਰਾਲੀ ਪੁਲਿਸ ਨੇ ਉਸ ਕੋਲ ਨੀਲੀ ਬੱਤੀ ਦੀ ਆਗਿਆ ਨਾ ਹੋਣ ਕਾਰਨ ਉਸਦਾ ਚਲਾਨ ਕੱਟ ਦਿਤਾ। ਇਸਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਗੁਰਦਿਆਲ ਸਿੰਘ ਥਾਣਾ ਸ਼ਹਿਰੀ ਮੁਖੀ ਕੁਰਾਲੀ ਦੀ ਅਗਵਾਈ ਹੇਠ ਅਤੇ ਰਾਜਿੰਦਰ ਸਿੰਘ ਟ੍ਰੈਫ਼ਿਕ ਇੰਚਾਰਜ ਦੁਆਰਾ ਇਲਾਕੇ ਵਿਚ ਲਾਏ ਨਾਕਿਆਂ ਦੌਰਾਨ ਦੋ ਦਰਜਨ ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ ਹਨ।