ਲੰਦਨ, 9 ਅਗੱਸਤ: ਭਾਰਤ ਦੇ ਨੌਜਵਾਨ ਮੁੱਕੇਬਾਜ਼ ਦੇਵੇਂਦਰੋ ਸਿੰਘ ਬੁੱਧਵਾਰ ਰਾਤ ਨੂੰ ਇਥੇ ਕੁਆਰਟਰ ਫ਼ਾਈਨਲ ਦੇ ਰੋਮਾਂਚਕ ਮੁਕਾਬਲੇ ਵਿਚ ਆਇਰਲੈਂਡ ਦੇ ਪੈਡੀ ਬਰਨੇਸ ਤੋਂ ਹਾਰ ਗਏ । ਇਸ ਤਰ੍ਹਾਂ ਭਾਰਤ ਦੀ ਲੰਦਨ ਉਲੰਪਿਕ ਵਿਚ ਮੁੱਕੇਬਾਜ਼ੀ ਮੁਹਿੰਮ ਦਾ ਵੀ ਖ਼ਤਮਾ ਹੋ ਗਿਆ ਜਿਸ ਵਿਚ ਪੇਈਚਿੰਗ ਉਲੰਪਿਕ ਵਾਂਗ ਕੇਵਲ ਇਕ ਕਾਂਸੀ ਦਾ ਤਗਮ²ਾ ਹੀ ਉਸ ਦੇ ਹੱਥ ਲੱਗਾ । ਵੀਹ ਸਾਲ ਦਾ ਦੇਵੇਂਦਰੋ ਨੇ ਪੂਰੇ ਦਮਖਮ ਨਾਲ ਮੁਕਾਬਲਾ ਲੜਿਆ ਪਰ ਉਹ ਅਪਣੇ ਤੋਂ ਜ਼ਿਆਦਾ ਦਮਦਾਰ ਵਿਰੋਧੀ ਨੂੰ ਪਛਾੜ ਨਹੀਂ ਸਕਿਆ ਅਤੇ ਪੁਰਸ਼ ਵਰਗ ਦੇ ਲਾਇਟ ਫ਼ਲਾਈਵੇਟ (49 ਕਿਲੋਗਰਾਮ ਭਾਰ ਵਰਗ) ਵਿਚ 18-23 ਨਾਲ ਹਾਰ ਗਏ । ਇਸ ਕਾਰਨ ਦੇਵੇਂਦਰੋ ਦਾ ਸੈਮੀਫ਼ਾਈਨਲ ਵਿਚ ਪਹੁੰਚਕੇ ਘਟੋਂ ਘੱਟ ਕਾਂਸੀ ਦਾ ਤਮਗ਼ਾ ਪੱਕਾ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ । ਭਾਰਤੀ ਦਲ ਹਾਲਾਂਕਿ ਇਸ ਵੱਡੇ ਸਕੋਰ ਵਾਲੇ ਮੁਕਾਬਲੇ ਦੇ ਨਤੀਜੇ ਤੋਂ ਨਾਖੁਸ਼ ਦਿਖਾਈ ਦਿਤਾ ਅਤੇ ਉਸ ਨੇ ਦਾਅਵਾ ਕੀਤਾ ਕਿ ਰੈਫ਼ਰੀ ਨੇ ਭਾਰਤੀ ਮੁੱਕੇਬਾਜ਼ ਪ੍ਰਤੀ ਸਖ਼ਤ ਰਵੱਈਆ ਅਪਣਾਇਆ । ਦੇਵੇਂਦਰੋ ਨੂੰ ਦੂਜੇ ਗੇੜ ਵਿਚ ਇਕ ਵਾਰ ਚਿਤਾਵਨੀ ਵੀ ਦਿਤੀ ਗਈ ਸੀ । ਦੇਵੇਂਦਰੋ ਦੇ ਬਾਹਰ ਹੋ ਜਾਣ ਨਾਲ ਮੁੱਕੇਬਾਜ਼ੀ ਰਿੰਗ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ । ਮਹਿਲਾ ਵਰਗ ਵਿਚ ਐਮ.ਸੀ.ਮੈਰੀਕਾਮ ਵੀ ਬੁੱਧਵਾਰ ਨੂੰ ਸੈਮੀਫ਼ਾਈਨਲ ਵਿਚ ਹਾਰ ਗਈ ਸੀ ਪਰ ਉਹ ਪਹਿਲੀ ਵਾਰ ਉਲੰਪਿਕ ਵਿਚ ਸ਼ਾਮਲ ਮਹਿਲਾ ਮੁੱਕੇਬਾਜ਼ੀ ਵਿਚ ਕਾਂਸੀ ਦਾ ਤਮਗ਼ਾ ਪ੍ਰਾਪਤ ਕਰਨ ਵਿਚ ਸਫ਼ਲ ਰਹੀ । ਦੇਵੇਂਦਰੋ ਦੇ ਮੁਕਾਬਲੇ ਤੋਂ ਬਾਅਦ ਭਾਰਤ ਦੇ ਵਿਦੇਸ਼ੀ ਕੋਚ ਬੀ.ਆਈ. ਫ਼ਰਨਾਂਡਿਸ ਨੇ ਕਿਹਾ ਕਿ ਸਾਡੇ ਮੁੱਕੇਬਾਜ਼ਾਂ ਪ੍ਰਤੀ ਬਹੁਤ ਜ਼ਿਆਦਾ ਗ਼ਲਤੀਆਂ ਕੀਤੀਆਂ ਗਈਆਂ । ਉਹ ( ਬਰਨੇਸ) ਠੀਕ ਜਗ੍ਹਾ ’ਤੇ ਹਿਟ ਨਹੀਂ ਕਰ ਰਿਹਾ ਸੀ ਪਰ ਤੱਦ ਵੀ ਉਸ ਨੂੰ ਅੰਕ ਮਿਲ ਰਹੇ ਸਨ । ਇਹ ਠੀਕ ਨਹੀਂ ਸੀ । ਰੈਫ਼ਰਿੰਗ ਬਹੁਤ ਖ਼ਰਾਬ ਸੀ। ਕੇਵਲ ਇਸ ਬਾਊਟ ਵਿਚ ਨਹੀਂ ਸਗੋਂ ਭਾਰਤੀਆਂ ਦੀਆਂ ਜ਼ਿਆਦਾਤਰ ਬਾਊਟਾਂ ਵਿਚ ਰੈਫ਼ਰਿੰਗ ਚੰਗੀ ਨਹੀਂ ਰਹੀ । ਇਹ ਦੁਖਦ ਹੈ ਪਰ ਸਾਨੂੰ ਅੱਗੇ ਵਧਣਾ ਹੋਵੇਗਾ । ਅਸੀ ਬਹੁਤ ਨਿਰਾਸ਼ ਹਾਂ। ਸਾਨੂੰ ਇਥੇ ਤਮਗ਼ਾ ਮਿਲਣਾ ਚਾਹੀਦਾ ਸੀ । ਕੋਚ ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਕਦੇ ਰੈਫ਼ਰੀ ਦਰਸ਼ਕਾਂ ਦੇ ਹਿਸਾਬ ਨਾਲ ਫ਼ੈਸਲਾ ਕਰਦਾ ਹੈ ਅਤੇ ਦੇਵੇਂਦਰੋ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ । ਰੈਫ਼ਰੀ ਨੂੰ ਅਪਣੇ ਦਿਮਾਗ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਮੈਂ ਇਸ ਬਾਰੇ ਜ਼ਿਆਦਾ ਕੁੱਝ ਨਹੀਂ ਕਹਿਣਾ ਚਾਹੁੰਦਾ । ਭਾਰਤੀ ਟੀਮ ਦੇ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ ਕਿ ਮੈਂ ਭਾਰਤੀ ਮੁੱਕੇਬਾਜ਼ਾਂ ਦੇ ਓਵਰਆਲ ਪ੍ਰਦਰਸ਼ਨ ਤੋਂ ਖੁਸ਼ ਹਾਂ । ਮੈਨੂੰ ਬਹੁਤ ਦੁੱਖ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਇਸ ਪ੍ਰਦਰਸ਼ਨ ਦੇ ਬਾਵਜੂਦ ਤਮਗ਼ਾ ਹਾਸਲ ਨਾ ਕਰ ਸਕਣ ਲਈ ਮੈਂ ਜ਼ੁੰਮੇਦਾਰ ਹਾਂ। ਅਸੀ ਇਥੇ ਤਮਗ਼ਾ ਲਈ ਆਏ ਸਨ । ਅਸੀ ਮੈਰੀਕਾਮ ਦੇ ਅਹਿਸਾਨਮੰਦ ਹਾਂ ਜੋ ਘਟੋ ਘੱਟ ਤਮਗ਼ਾ ਜਿੱਤਣ ਵਿਚ ਸਫਲ ਰਹੀ । ਸੰਧੂ ਨੇ ਹਾਲਾਂਕਿ ਨੌਜਵਾਨ ਦੇਵੇਂਦਰੋ ਦੀ ਜੰਮਕੇ ਤਾਰੀਫ਼ ਕੀਤੀ । ਉਨ੍ਹਾਂ ਕਿਹਾ ਕਿ ਉਸ ਨੇ ਅਪਣੀ ਵਲੋਂ ਕੋਈ ਕਸਰ ਨਹੀਂ ਛੱਡੀ । (ਏਜੰਸੀ)
- ਤਸਵੀਰ-