ਹਰਿਆਣਾ ਖਬਰਾਂ
 

ਸਿੱਖੀ ਨੂੰ ਢਾਅ ਲਾਉਣ ਵਿਚ ਬਾਦਲਕਿਆਂ ਨੇ ਕੋਈ ਕਸਰ ਨਹੀਂ ਛੱਡੀ : ਭਾਈ ਸਾਧੂ

ਨਵੀਂ ਦਿੱਲੀ, 9 ਅਗੱਸਤ (ਸੁਖਰਾਜ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਾਧੂ ਨੇ ਅਪਣੇ ਬਿਆਨ ਵਿਚ ਕਿਹਾ ਕਿ ਪੰਜਾਬ ਵਿਚ ਸਿੱਖੀ ਨੂੰ ਢਾਅ ਲਾਉਣ ਵਿਚ ਤਾਂ ਬਾਦਲਕਿਆਂ ਨੇ ਕੋਈ ਕਸਰ ਨਹੀਂ ਛੱਡੀ, ਅੱਜ ਉਥੇ ਡੇਰਾਵਾਦ ਇੰਨਾ ਵੱਧ ਚੁੱਕਾ ਹੈ ਕਿ ਗੁਰਦਵਾਰਾ ਸਾਹਿਬ ਨੂੰ ਢਾਹੁਣ ਵਿਚ ਅਤੇ ਆਏ ਦਿਨ ਸਿੱਖਾਂ ਨਾਲ ਗੁੱਥਮ ਗੁੱਥੀ ਹੋਣ ਵਿਚ ਡੇਰੇ ਵਾਲੇ ਕੋਈ ਕਸਰ ਨਹੀਂ ਛੱਡ ਰਹੇ ਅਤੇ ਇਸ ਸਭ ਨੂੰ ਵਧਾਵਾ ਬਾਦਲਕਿਆਂ ਨੇ ਦਿਤਾ ਹੈ। ਉਨ੍ਹਾਂ ਨੇ ਅਪਣੀਆਂ ਵੋਟਾਂ ਦੀ ਖ਼ਾਤਰ ਸਿੱਖੀ ਨੂੰ ਢਾਅ ਲਾਈ ਹੈ। ਭਾਈ ਸਾਧੂ ਨੇ ਕਿਹਾ ਕਿ ਪੰਜਾਬ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਉਨ੍ਹਾਂ ਦੀ ਪਾਰਟੀ ਵਲੋਂ ਇਸੇ ਤਰ੍ਹਾਂ ਦੇ ਉਪਰਾਲੇ ਕੀਤੇ ਜਾਣੇ ਸ਼ੁਰੂ ਕਰ ਦਿਤੇ ਗਏ ਹਨ। ਇਸੇ ਕੜੀ ਦੇ ਤਹਿਤ ਹੁਣ ਗ਼ੈਰ ਸਿੱਖਾਂ ਨੂੰ ਪਾਰਟੀ ਵਲੋਂ ਤਵੱਜੋਂ ਦਿਤੀ ਜਾ ਰਹੀ ਹੈ ਉਨ੍ਹਾਂ ਨੂੰ ਨਾ ਸਿਰਫ਼ ਤਵੱਜੋਂ ਦਿਤੀ ਜਾਂਦੀ ਹੈ ਬਲਕਿ ਵੱਡੇ-ਵੱਡੇ ਅਹੁਦਿਆਂ ਤੇ ਵੀ ਬਿਠਾਇਆ ਜਾ ਰਿਹਾ ਹੈ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਬਾਦਲਕੀਏ ਗ਼ੈਰ ਸਿੱਖਾਂ ਨੂੰ ਦਿੱਲੀ ਕਮੇਟੀ ਦੀ ਚੋਣ ਵੀ ਲੜਾ ਦੇਣ। ਉਨ੍ਹਾਂ ਕਿਹਾ ਅਜ ਬਾਦਲ ਪਾਰਟੀ ਦੇ ਦਿੱਲੀ ਵਿਚ ਜੋ ਹਾਲਾਤ ਚਲ ਰਹੇ ਹਨ ਉਸ ਨੂੰ ਵੇਖਦੇ ਹੋਏ ਬਾਦਲ ਸਾਹਿਬ ਨੂੰ ਪਾਰਟੀ ਦੀ ਦਿੱਲੀ ਇਕਾਈ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਭਾਈ ਸਾਧੂ ਨੇ ਅਪਣੇ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ ਜਦੋਂ ਬਾਦਲਕਿਆਂ ਨੇ ਟਾਈਟਲਰ ਅਤੇ ਕੇ.ਪੀ.ਐਸ. ਗਿੱਲ ਨੂੰ ਉੁਲੰਪਿਕ ਵਿਚ ਨਾ ਭੇਜਣ ਦੀ ਗੱਲ ਕੀਤੀ ਤਾਂ ਬਹੁਤ ਹੈਰਾਨੀ ਵੀ ਹੋਈ ਅਤੇ ਬਾਦਲਕਿਆਂ ਦੇ ਦੋ ਮੂੰਹੀ ਚਿਹਰੇ ਵੀ ਸਾਹਮਣੇ ਆਏ। ਇਕ ਪਾਸੇ ਤਾਂ ਇਹ ਟਾਈਟਲਰ ਨੂੰ ਸਿਰੋਪਾ ਦੇਣ ਵਾਲਿਆਂ ਨੂੰ ਅਪਣੀ ਪਾਰਟੀ ਦਾ ਸਰਪ੍ਰਸਤ ਬਣਾਉਂਦੇ ਹਨ, ਚੋਣ ਵੀ ਲੜਵਾਉਂਦੇ ਹਨ, ਪ੍ਰਧਾਨਗੀ ਦਾ ਦਾਅਵੇਦਾਰ ਵੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਮੀਟਿੰਗ ਵਿਚ ਟਾਈਟਲਰ ਨੂੰ ਸਿਰੋਪਾ ਦਿਤਾ ਜਾਂਦਾ ਹੈ ਉਸ ਮੀਟਿੰਗ ਵਿਚ ਵੀ ਇਨ੍ਹਾਂ ਦੇ ਉਹ ਨੇਤਾ ਸ਼ਾਮਲ ਹੁੰਦੇ ਹਨ ਜਿਹੜੇ ਖੁਦ ਕਾਂਗਰਸ ਨਾਲ ਸਬੰਧ ਰਖਦੇ ਹਨ ਅਤੇ ਕੇ.ਪੀ.ਐਸ. ਗਿੱਲ ਤੋਂ ਅਵਾਰਡ ਲੈਣ ਵਿਚ ਵੀ ਗੁਰੇਜ ਨਹੀਂ ਕਰਦੇ ਅਤੇ ਅੱਜ ਕਿਹੜੇ ਮੂੰਹ ਨਾਲ ਟਾਈਟਲਰ ’ਤੇ ਕੇ.ਪੀ.ਐਸ. ਗਿਲ ਦੇ ਵਿਰੁਧ ਬੋਲਦੇ ਹਨ। ਭਾਈ ਸਾਧੂ ਨੇ ਕਿਹਾ ਕਿ ਬਾਦਲਕਿਆਂ ਕੋਲ ਹੁਣ ਕੋਈ ਹੋਰ ਮੁੱਦਾ ਤਾਂ ਹੈ ਨਹੀਂ ਲੋਕਾਂ ਵਿਚ ਜਾਣ ਦਾ, ਇਸ ਲਈ ਉਹ ਸਿਰਫ਼ ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ਨੂੰ ਹੀ ਬਿਨ੍ਹਾਂ ਵਜ੍ਹਾ ਉਛਾਲੀ ਜਾ ਰਹੇ ਹਨ। ਉਨ੍ਹਾਂ ਕਿਹਾ ਸ: ਸਰਨਾ ਵਲੋਂ ਜਿਹੜੀ ਕਿਤਾਬ ਛਾਪੀ ਗਈ ਹੈ ਬਾਲਾ ਸਾਹਿਬ ਮਾਮਲੇ ਦੀ ਸਾਰੀ ਸੱਚਾਈ ਉਸ ਵਿਚ ਮੌਜੂਦ ਹੈ ਅਤੇ ਉਹ ਕਿਤਾਬ ਸੰਗਤਾਂ ਦੇ ਘਰ-ਘਰ ਪਹੁੰਚਾਈ ਜਾਵੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.