ਹਰਿਆਣਾ ਖਬਰਾਂ
 

‘ਸਰਕਾਰ ਮੀਡੀਆ ਰਾਹੀਂ ਸਿੱਖਾਂ ਦੀ ਪਛਾਣ ਬਾਰੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਵੇ’

ਨਵੀਂ ਦਿੱਲੀ, 9 ਅਗਸਤ (ਸੁਖਰਾਜ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਰਾਜਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਪਣੇ ਮੀਡੀਆ ਰਾਹੀਂ ਉਥੋਂ ਦੇ ਲੋਕਾਂ ਨੂੰ ਸਿੱਖਾਂ ਦੀ ਪਹਿਚਾਣ ਅਤੇ ਕੁਰਬਾਨੀਆਂ ਬਾਰੇ ਜਾਣੂ ਕਰਵਾਏ ਤਾਕਿ ਜੋ ਹਾਦਸਾ ਬੀਤੇ ਦਿਨੀਂ ਉਥੋਂ ਦੇ ਗੁਰਦਵਾਰਾ ਸਾਹਿਬ ਵਿਖੇ ਵਾਪਰਿਆ ਹੈ ਉਹ ਭਵਿੱਖ ਵਿਚ ਮੁੜ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤਾਂ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ ਇਹ ਤਾਂ ਜਿੱਥੇ ਵੀ ਵਸਦੇ ਹਨ ਉਥੋਂ ਦੇ ਦੇਸ਼ ਤੇ ਲੋਕਾਂ ਦੀ ਚੜ੍ਹਦੀਕਲਾ ਲਈ ਹੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਅਸੀਂ ਅਮਰੀਕੀ ਪ੍ਰਸ਼ਾਸਨ ਅਤੇ ਪੁਲਿਸ ਦੀ ਜਿੰਨੀ ਪ੍ਰਸ਼ੰਸਾ ਕਰੀਏ  ਉਹ ਘੱਟ ਹੈ ਕਿ ਉਨ੍ਹਾਂ ਨੇ ਤੁਰਤ ਹਰਕਤ ਵਿਚ ਆਉਂਦਿਆਂ ਹਮਲਾਵਾਰ ਨੂੰ ਮਾਰ ਮੁਕਾਇਆ ਨਹੀਂ ਤਾਂ ਹੋਰ ਵੀ ਕਿਨੀਆਂ ਜਾਨਾਂ ਚਲੀਆਂ ਜਾਣੀਆਂ ਸਨ। ਰਾਜਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰ ਸਾਡੇ ਇਥੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਪੱਲੇ ਤਾਂ ਕੁਝ ਹੈ ਨਹੀਂ ਪਰ ਫੌਕੀ ਸ਼ੋਹਰਤ ਹਾਸਲ ਕਰਨ ਲਈ ਕੇਵਲ ਫ਼ੋਟੋਆਂ ਖਿਚਵਾਉਣ ਲਈ ਬਿਨ੍ਹਾਂ ਵਜ੍ਹਾ ਪ੍ਰਦਰਸ਼ਨ ਕਰੀ ਜਾਂਦੇ ਹਨ। ਉਨ੍ਹਾਂ ਕਿਹਾ ਪ੍ਰਦਰਸ਼ਨ ਤਾਂ ਸਾਨੂੰ ਤਦ ਕਰਨਾ ਚਾਹੀਦਾ ਸੀ ਜੇਕਰ ਅਮਰੀਕਾ ਦੀ ਸਰਕਾਰ ਸਾਡੀ ਮਦਦ ਨਾ ਕਰਦੀ। ਸ: ਰਾਜਾ ਨੇ ਅਮਰੀਕਾ ਦੀ ਸਰਕਾਰ ਨੂੰ ਇਸ ਘਟਨਾ ਤੇ ਦੁਖ ਪ੍ਰਗਟ ਕਰਦਿਆਂ ਅਪਣੇ ਝੰਡੇ 10 ਦਿਨਾਂ ਲਈ ਅੱਧੇ ਝੁਕਾਉਣ ਦਾ ਜੋ ਫ਼ੈਸਲਾ ਲਿਆ ਹੈ ਉਸ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਕ ਸਰਫ਼ਿਰੇ ਗੋਰੇ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਪਰ ਜੇਕਰ ਅਸੀਂ ਸਾਰੇ ਗੋਰਿਆਂ ਨੂੰ ਹੀ ਦੋਸ਼ੀ ਮੰਨ ਲਈਏ ਤਾਂ ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਅਸੀਂ ਵੇਖਿਆ ਕਿ ਇਸ ਘਟਨਾ ਦੇ ਵਾਪਰਨ ਤੋਂ ਕੁਝ ਸਮੇਂ ਬਾਅਦ ਹੀ ਅਮਰੀਕਾ ਦੀਆਂ ਸੜਕਾਂ ਤੇ ਸਿੱਖਾਂ ਦੇ ਨਾਲ ਗੋਰੇ ਵੀ ਹੱਥ ਵਿਚ ਮੋਮਬੱਤੀਆਂ ਲੈ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਵੇਖੇ ਗਏ। ਰਾਜਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਮਦਦ ਜੋ ਐਲਾਨ ਕੀਤਾ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਦਸਿਆ ਕਿ ਦਿੱਲੀ ਕਮੇਟੀ ਵਲੋਂ 1-1 ਲੱਖ ਰੁਪਏ ਸ਼ਹੀਦ ਹੋਏ ਸਿੰਘਾ ਨੂੰ ਦਿਤੇ ਜਾਣਗੇ ਅਤੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਦਾ ਖ਼ਰਚ ਵੀ ਦਿੱਲੀ ਕਮੇਟੀ ਵਲੋਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਜੋ ਕਿ ਵਿਦੇਸ਼ ਦੌਰੇ ਤੇ ਹਨ ਤੇ ਉਨ੍ਹਾਂ ਨੇ ਉਥੋਂ ਹੀ ਆਦੇਸ਼ ਦਿਤਾ ਹੈ ਕਿ ਪਰਵਾਰਾਂ ਦੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕੀਤੀ ਜਾਵੇ। 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.