ਚੰਡੀਗੜ੍ਹ, 9 ਅਗੱਸਤ (ਤਰੁਣ ਭਜਨੀ) : ਚੰਡੀਗੜ੍ਹ ਨੂੰ ਹਾਈਟੈਕ ਅਤੇ ਲੋਕਲ ਬਸਾਂ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਹੂਲਤ ਦੇਣ ਦੇ ਟੀਚੇ ਨਾਲ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਲੱਖਾਂ ਰੁਪਏ ਖ਼ਰਚ ਕੇ ਬਸਾਂ ਵਿਚ ਕੁੱਝ ਸਾਲ ਪਹਿਲਾਂ ਗਲੋਬਲ ਪੋਜਿਸ਼ਨਿੰਗ ਸਿਸਟਮ (ਜੀ. ਪੀ. ਐਸ.) ਦੀ ਸ਼ੁਰੂਆਤ ਕੀਤੀ ਸੀ। ਪਰ ਹੁਣ ਆਲਮ ਇਹ ਹੈ ਕਿ ਜ਼ਿਆਦਾਤਰ ਬੱਸ ਸਟਾਪ ਤੇ ਇਹ ਸਿਸਟਮ ਖ਼ਰਾਬ ਪਏ ਹਨ ਅਤੇ ਬੱਸ ਆਉਣ ਦੇ ਸਮੇਂ ਦਾ ਪਤਾ ਵੀ ਨਹੀਂ ਲੱਗ ਰਿਹਾ ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨੀ ਵਿਚ ਹਨ। ਸੀ.ਟੀ.ਯੂ. ਦੀਆਂ ਬਸਾਂ ਵਿਚ ਰੋਜ਼ਾਨਾ 2 ਲੱਖ ਦੇ ਲਗਭਗ ਲੋਕ ਸਫ਼ਰ ਕਰਦੇ ਹਨ ਪਰ ਇਨ੍ਹਾਂ ਮੁਸਾਫ਼ਰਾਂ ਨੂੰ ਉਦੋਂ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਜਦੋਂ ਲੋਕਾਂ ਨੂੰ ਬੱਸ ਦੇ ਸਮੇਂ ਅਤੇ ਰੂਟ ਦਾ ਪਤਾ ਨਹੀਂ ਚਲਦਾ। ਸੀ.ਟੀ.ਯੂ. ਵਲੋਂ ਬੱਸ ਸਟਾਪ ’ਤੇ ਲਗਾਏ ਗਏ ਰੂਟ ਬੋਰਡ ਵੀ ਕਾਫ਼ੀ ਪੁਰਾਣੇ ਹੋ ਚੁਕੇ ਹਨ ਅਤੇ ਬਸਾਂ ਦਾ ਸਮਾਂ ਵੀ ਹੁਣ ਬਦਲ ਚੁਕਾ ਹੈ। ਬਸਾਂ ਵਿਚ ਸਟਾਪ ਆਉਣ ਤੋਂ ਪਹਿਲਾਂ ਇਲੈਕਟਰਾਨਿਕ ਸਿਸਟਮ ਬੋਲ ਕੇ ਲੋਕਾਂ ਨੂੰ ਸਟਾਪ ਦੀ ਜਾਣਕਾਰੀ ਦਿੰਦਾ ਸੀ ਜਿਸ ਨਾਲ ਲੋਕ ਸਟਾਪ ਆਉਣ ਤੋਂ ਪਹਿਲਾਂ ਉਠ ਕੇ ਬੱਸ ਤੋਂ ਉ¤ਤਰ ਜਾਂਦੇ ਸਨ ਪਰ ਇਹ ਸਿਸਟਮ ਵੀ ਹੁਣ ਫ਼ੇਲ੍ਹ ਹੋ ਚੁਕਾ ਹੈ।
ਇਸ ਨਾਲ ਸੱਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਪਹਿਲੀ ਵਾਰ ਸੀ.ਟੀ.ਯੂ. ਵਿਚ ਸਫ਼ਰ ਕਰ ਰਹੇ ਹੁੰਦੇ ਹਨ ਅਤੇ ਬਾਹਰੋਂ ਆਏ ਸੈਲਾਨੀਆਂ ਨੂੰ ਤਾਂ ਬੱਸ ਰੂਟ ਦਾ ਬਿਲਕੁਲ ਪਤਾ ਨਹੀਂ ਹੁੰਦਾ ਅਤੇ ਉਨ੍ਹਾਂ ਲੋਕਾਂ ਲਈ ਪ੍ਰਸ਼ਾਸਨ ਵਲੋਂ ਕੋਈ ਸਹੂਲਤ ਨਹੀਂ ਦਿਤੀ ਗਈ ਹੈ। ਸੈਲਾਨੀ ਲੋਕਾਂ ਤੋਂ ਪੁੱਛ ਪੁੱਛ ਕੇ ਬੱਸ ਵਿਚ ਚੜ੍ਹਦੇ ਹਨ। ਇਸ ਤੋਂ ਇਲਾਵਾ ਬੱਸ ਅੱਡੇ ’ਤੇ ਬਣੇ ਕਾਉਂਟਰ ਜਾਂ ਤਾਂ ਖ਼ਾਲੀ ਹੁੰਦੇ ਹਨ ਜਾਂ ਫਿਰ ਉਥੇ ਬੈਠੇ ਸੀ.ਟੀ.ਯੂ. ਕਰਮਚਾਰੀ ਸੈਲਾਨੀਆਂ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੇ। ਇਸ ਸਮੇਂ ਲੋਕਲ ਰੂਟ ’ਤੇ ਸੀਟੀਯੂ ਦੀਆਂ 236 ਬਸਾਂ ਚੱਲ ਰਹੀ ਹਨ। ਪ੍ਰਸ਼ਾਸਨ ਨੇ 100 ਬਸਾਂ ਅਤੇ 50 ਬੱਸ ਸਟਾਪ ਤੇ ਜੀ.ਪੀ²ਐਸ. ਲਗਾਏ ਸਨ, ਜਿਸ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਬੱਸ ਕਰਮਚਾਰੀਆਂ ਦਾ ਮੁਸਾਫ਼ਰਾਂ ਨਾਲ ਵਤੀਰਾ ਠੀਕ ਨਾ ਹੋਣ ਕਾਰਨ ਵੀ ਲੋਕ ਦੁਖੀ ਹਨ। ਸੈਕਟਰ-27 ਵਿਚ ਬੱਸ ਦੀ ਉਡੀਕ ਕਰ ਰਹੇ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਮਨੀਮਾਜਰਾ ਜਾਣਾ ਹੈ ਅਤੇ ਉਨ੍ਹਾਂ ਦੇ ਸਾਹਮਣੇ ਤੋਂ ਦੋ ਬਸਾਂ ਨਿਕਲ ਚੁਕੀਆਂ ਹਨ ਪਰ ਡਰਾਈਵਰ ਨੇ ਬੱਸ ਨਹੀਂ ਰੋਕੀ। ਇਸੇ ਤਰ੍ਹਾਂ ਸੈਕਟਰ-17 ਦੇ ਬੱਸ ਅੱਡੇ ’ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਰਾਮ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਚਕੂਲਾ ਦੇ ਸੈਕਟਰ-11 ਵਿਚ ਜਾਣਾ ਹੈ ਅਤੇ ਜਦੋਂ ਉਨ੍ਹਾਂ ਨੇ ਇਸ ਬਾਰੇ ਵਿਚ ਕਾਊਂਟਰ ’ਤੇ ਬੈਠੇ ਕਰਮਚਾਰੀ ਨੂੰ ਪੁਛਿਆ ਤਾਂ ਉਸ ਨੇ ਕਿਹਾ ਕਿ ਇਹ ਉਸ ਦਾ ਕੰਮ ਨਹੀਂ ਹੈ। ਸੀਟੀਯੂ ਦੇ ਜਰਨਲ ਮੈਨੇਜਰ ਐਸ.ਕੇ. ਪਰਮਾਰ ਨੇ ਕਿਹਾ ਕਿ ਉਹ ਕਰਮਚਾਰੀਆਂ ਨੂੰ ਸਵਾਰੀਆਂ ਨਾਲ ਦੋਸਤਾਨਾ ਸਲੂਕ ਕਰਨ ਲਈ ਕਹਿੰਦੇ ਹਨ ਅਤੇ ਇਸ ਸਬੰਧ ਵਿਚ ਕੋਈ ਸ਼ਿਕਾਇਤ ਆਉਣ ’ਤੇ ਕਾਰਵਾਈ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੀਪੀਐਸ ਸਿਸਟਮ ਠੀਕ ਹਨ ਅਤੇ ਜਿਥੇ ਖ਼ਰਾਬ ਹਨ ਉਥੇ ਠੀਕ ਕੀਤੇ ਜਾਂਦੇ ਹਨ।