ਨਵੀਂ ਦਿੱਲੀ, 8 ਅਗੱਸਤ: ਲੰਦਨ ਉਲੰਪਿਕ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਸੂਬੇਦਾਰ ਵਿਜੈ ਕੁਮਾਰ ਨੇ ਦੋ ਦਿਨ ਪਹਿਲਾਂ ਹੀ ਫ਼ੌਜ ਛੱਡਣ ਦੀ ਧਮਕੀ ਦਿਤੀ ਸੀ ਪਰ ਅਜ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤੀ ਫ਼ੌਜ ਨੇ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਉਸ ਤੋਂ ਇਹ ਨਿਸ਼ਾਨੇਬਾਜ਼ ਵੀ ਗ਼ਦਗਦ ਹੋ ਗਿਆ । ਕੁਮਾਰ ਹਵਾਈ ਅੱਡੇ ਤੋਂ ਖੁੱਲ੍ਹੀ ਜਿਪਸੀ ਵਿਚ ਸਿੱਧੇ ਫ਼ੌਜ ਦੇ ਮੁੱਖ ਦਫ਼ਤਰ ਚਲੇ ਗਏ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਾਨਦਾਰ ਸਵਾਗਤ ਸੀ । ਮੈਂ ਇਸ ਤੋਂ ਗਦਗਦ ਹੋ ਗਿਆ ਹਾਂ । ਪਹਿਲੀ ਵਾਰ ਮੇਰਾ ਇਸ ਤਰ੍ਹਾਂ ਨਾਲ ਸਵਾਗਤ ਕੀਤਾ ਗਿਆ । ਹਵਾਈ ਅੱਡੇ ਦੇ ਟਰਮੀਨਲ ਤਿੰਨ ਦਾ ਇਕ ਹਿੱਸਾ ਤਾਂ ਪੂਰੀ ਤਰ੍ਹਾਂ ਨਾਲ ਹਰੇ ਰੰਗ ਵਿਚ ਰੰਗਿਆ ਗਿਆ ਸੀ ਕਿਉਂਕਿ ਵੱਡੀ ਗਿਣਤੀ ਵਿਚ ਜਵਾਨ ਇਸ ਨਿਸ਼ਾਨੇਬਾਜ਼ ਦਾ ਸਵਾਗਤ ਕਰਨ ਲਈ ਆਏ ਸਨ ਜਿਨ੍ਹਾਂ ਉਲੰਪਿਕ ਵਿਚ 25 ਮੀਟਰ ਰੈਪਿਡ ਫ਼ਾਇਰ ਪਿਸਟਲ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ । ਇਸ ਸਥਾਨ ’ਤੇ ਡਰੰਮ ਅਤੇ ਰਵਾਇਤੀ ਨਗਾਰੇ ਹੀ ਨਹੀਂ ਵੱਜ ਰਹੇ ਸਨ ਸਗੋਂ ਵਿਜੇ ਨੂੰ ਲੈ ਕੇ ਆ ਰਹੀ ਲੁਫ਼ਤਹਾਂਸਾ 762 ਉਡਾਨ ਜਿਵੇਂ ਹੀ ਹਵਾਈ ਅੱਡੇ ’ਤੇ ਪਹੁੰਚੀ ਰਾਸ਼ਟਰਗਾਨ ਵੀ ਵਜਾਇਆ ਗਿਆ। ਵਿਜੇ ਨੇ ਤਮਗ਼ਾ ਜਿੱਤਣ ਤੋਂ ਤੁਰਤ ਬਾਅਦ ਸਾਫ਼ ਕੀਤਾ ਸੀ ਕਿ ਪਿਛਲੇ ਛੇ ਸਾਲ ਵਿਚ ਉਨ੍ਹਾਂ ਨੂੰ ਕੇਵਲ ਇਕ ਵਾਰ ਤਰੱਕੀ ਮਿਲੀ ਹੈ ਜਦ ਕਿ ਉਨ੍ਹਾਂ ਇਸ ਵਿਚ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ’ਤੇ ਕੁ¤ਝ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਖੇਡ ਮੰਤਰੀ ਅਜੈ ਮਾਕਨ ਨੇ ਇਸ ਨਿਸ਼ਾਨੇਬਾਜ਼ ਦਾ ਮਾਮਲਾ ਰਖਿਆ ਮੰਤਰੀ ਏ.ਕੇ. ਐਂਟਨੀ ਅੱਗੇ ਰੱਖਿਆ ਹੈ । ਉਨ੍ਹਾਂ ਐਂਟਨੀ ਨੂੰ ਪ¤ਤਰ ਲਿਖਕੇ ਭਾਰਤ ਦਾ ਮਾਣ ਵਧਾਉਣ ਵਾਲੇ ਇਸ ਖਿਡਾਰੀ ਬਾਰੇ ਵਿਸ਼ੇਸ਼ ਵਿਚਾਰ ਕਰਨ ਲਈ ਕਿਹਾ ਹੈ। 16 ਡੋਗਰਾ ਰੈਜੀਮੈਂਟ ਦੇ ਫ਼ੌਜੀਆਂ ਤੋਂ ਇਲਾਵਾ ਵਿਜੇ ਦੇ ਮਾਪੇ, ਦਾਦੀ ਅਤੇ ਰਾਸ਼ਟਰੀ ਰਾਇਫ਼ਲ ਐਸੋਸੀਏਸ਼ਨ ਦੇ 35-40 ਅਧਿਕਾਰੀ ਸਵਾਗਤ ਲਈ ਮੌਜੂਦ ਸਨ । ਵਿਜੇ ਜ਼ਿੰਦਾਬਾਦ ਅਤੇ ਭਾਰਤੀ ਫ਼ੌਜ ਜ਼ਿੰਦਾਬਾਦ ਦੇ ਨਾਹਰੇ ਸੁਣਾਈ ਦੇ ਰਹੇ ਸਨ । ਵਿਜੇ ਦੇ ਪਿਤਾ ਬਾਂਕੂ ਰਾਮ ਨੇ ਕਿਹਾ ਕਿ ਉਸ ਨੇ ਤਮਗ਼ਾ ਇਸ ਲਈ ਜਿੱਤਿਆ ਕਿਉਂਕਿ ਉਸ ਨੇ ਘਰ ਤੋਂ ਬਾਹਰ ਰਹਿਕੇ ਕਾਫ਼ੀ ਮਿਹਨਤ ਕੀਤੀ ਸੀ । ਉਸ ਦੀ ਤਰੱਕੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਉਸ ਦਾ ਫ਼ੈਸਲਾ ਹੈ । ਮੈਂ ਉਸ ਨੂੰ ਕੁੱਝ ਨਹੀਂ ਕਹਾਂਗਾ । ਮੈਂ ਫ਼ੌਜ ਤੋਂ ਬਹੁਤ ਖ਼ੁਸ਼ ਹਾਂ। (ਏਜੰਸੀ)