ਕੁੱਪ ਕਲਾਂ, 28 ਸਤੰਬਰ (ਡਾ. ਕੁਲਵਿੰਦਰ ਸਿੰਘ) : ਮਾਲਵੇ ਦਾ ਪ੍ਰਸਿੱਧ ਗੁੱਗਾ ਮਾੜੀ ਦੇ ਨਾਮ ਨਾਲ ਮਸ਼ਹੂਰ ਮੇਲਾ ਛਪਾਰ ਦਾ ਵਿਖੇ ਲੱਗਣ ਵਾਲੇ ਪ੍ਰਸਿੱਧ ਮੇਲੇ ਵਿਚ ਲਗਭਗ ਪੰਜ ਦਿਨ ਲੱਗਣ ਵਾਲੇ ਇਸ ਮੇਲੇ ਵਿਚ ਕਾਂਗਰਸ ਵਲੋਂ ਕੀਤੀ ਜਾਣ ਵਾਲੀ ਕਾਨਫਰੰਸ ਅਕਾਲੀ ਭਾਜਪਾ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ। ਇਹ ਦਾਅਵਾ ਅੱਜ ਮੇਲੇ ਦੇ ਕੁਆਰਡੀਨੇਟਰ ਅਤੇ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਕੀਤਾ। ਸ. ਢਿਲੋਂ ਨੇ ਕਿਹਾ ਕਿ ਰੈਲੀ ਲਈ ਵਰਕਰਾਂ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ। ਰੈਲੀ ਵਿਚ ਕਾਂਗਰਸ ਦੇ ਵੱਡੇ ਤੋਂ ਲੈ ਕੇ ਹਰ ਛੋਟੇ ਲੀਡਰ ਪਹੁੰਚ ਕੇ ਰੈਲੀ ਕਾਮਯਾਬ ਬਣਾਉਣਗੇ। ਸ. ਢਿਲੋਂ ਨੇ ਕਿਹਾ ਕਿ ਅਕਾਲੀਆਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਰਕਾਰ ਬਣਾ ਲਈ ਅਤੇ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ। ਕਾਂਗਰਸ ਨੂੰ ਮਹਿੰਗਾਈ ਵਾਲੀ ਸਰਕਾਰ ਕਹਿਣ ਵਾਲੇ ਅਕਾਲੀਆਂ ਅਪਣੇ ਗੁਆਂਢੀ ਸੂਬਿਆਂ ਨਾਲੋਂ ਸੱਭ ਤੋਂ ਜ਼ਿਆਦਾ ਟੈਕਸ ਲਾ ਕੇ ਮਹਿੰਗਾਈ ਵਾਲੀ ਸਰਕਾਰ ਦਾ ਮੁੱਖ ਬੰਨ ਰਹੇ ਹਨ। ਨੇੜੇ ਸੂਬਿਆਂ ਹਰਿਆਣਾ, ਹਿਮਾਚਲ ਅਤੇ ਹੋਰ ਕਈ ਸੂਬਿਆਂ ਵਿਚ ਪੰਜਾਬ ਨਾਲੋਂ ਸਾਰੀਆਂ ਚੀਜ਼ਾਂ ਸਸਤੀਆਂ ਹਨ ਪ੍ਰੰਤੂ ਅਪਣੀਆਂ ਤਿਜੋਰੀਆਂ ਭਰਨ ਦੇ ਲਾਲਚਵਸ ਅਕਾਲੀਆਂ ਨੇ ਕੋਈ ਟੈਕਸ ਨਹੀਂ ਘਟਾਇਆ। ਟੈਕਸ ’ਤੇ ਟੈਕਸ ਲਗਾ ਕੇ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦਾ ਲੱਕ ਤੋੜ ਦਿਤਾ ਹੈ। ਪੰਜਾਬ ਦੀ ਜਨਤਾ ਇਨ੍ਹਾਂ ਦੇ ਥੋੜੇ ਜਿਹੇ ਸਮੇਂ ਦੇ ਰਾਜਭਾਗ ਤੋਂ ਇੰਨੀ ਅੱਕ ਚੁੱਕੀ ਹੈ ਕਿ ਜੇਕਰ ਅੱਜ ਚੋਣਾਂ ਹੋ ਜਾਣ ਤਾਂ ਇਨ੍ਹਾਂ ਦੇ 10 ਵਿਧਾਇਕ ਵੀ ਨਹੀਂ ਜਿੱਤ ਸਕਦੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਕਾਂਗਰਸ 13 ਦੇ 13 ਲੋਕ ਸਭਾ ਹਲਕਿਆਂ ਵਿਚੋਂ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦਸਿਆ ਕਿ 30 ਤਰੀਕ ਨੂੰ ਕਾਂਗਰਸ ਕਮੇਟੀ ਦੀ ਕਾਨਫ਼ੰਰਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ .ਬੀਬੀ ਰਾਜਿੰਦਰ ਕੌਰ ਭੱਠਲ, ਵਿਧਾਇਕ ਅਰਵਿੰਦ ਖੰਨਾ, ਐਮ.ਪੀ. ਮਨੀਸ ਤਿਵਾੜੀ, ਐਮ.ਪੀ ਸੁਖਦੇਵ ਸਿੰਘ ਲਿਬੜਾ, ਐਮ.ਪੀ ਰਵਨੀਤ ਸਿੰਘ ਬਿੱਟੂ, ਸੁਰਜੀਤ ਸਿੰਘ ਧੀਮਾਨ ਇੰਚਾਰਜ ਹਲਕਾ ਅਮਰਗ੍ਹੜ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਜਗਪਾਲ ਸਿੰਘ ਖੰਗੂੜਾ, ਮਲਕੀਤ ਸਿੰਘ ਦਾਖਾ, ਲਖਵੀਰ ਸਿੰਘ ਲੱਖਾ, ਮੈਡਮ ਰਜੀਆ ਸੁਲਤਾਨਾ, ਸਾਧੂ ਸਿੰਘ ਧਰਮਸੋਤ, ਬੀਬੀ ਹਰਚੰਦ ਕੌਰ ਘਨੌਰੀ, ਰਣਜੀਤ ਸਿੰਘ ਮਾਂਗਟ, ਗੁਰਚਰਨ ਸਿੰਘ ਬੋਪਾਰਾਏ, ਹਰਮੋਇੰਦਰ ਸਿੰਘ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਅਤੇ ਗੁਰਦੀਪ ਕਲਾਹੜ ਤੋ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੌਧਰੀ ਤੋਂ ਇਲਾਵਾ ਸਾਰੇ ਪੰਜਾਬ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚ ਰਹੀ ਹੈ।