ਨਵੀਂ ਦਿੱਲੀ, 20 ਸਤੰਬਰ : ਪ੍ਰਚੂਨ ਬਾਜ਼ਾਰ ਵਿਚ ਵਿਦੇਸ਼ੀ ਨਿਵੇਸ਼ ਦੇ ਸੁਧਾਰਾਂ ਵਿਰੁਧ ਰਾਸ਼ਟਰ ਵਿਆਪੀ ਬੰਦ ਦੇ ਸੱਦੇ ਦੀ ਤਿੱਖੀ ਆਲੋਚਨਾ ਕਰਦਿਆਂ ਸਰਕਾਰ ਨੇ ਕਿਹਾ ਕਿ ਇਹ ਪਾਰਟੀਆਂ ਦੇਸ਼ ਨੂੰ ਵੱਡਾ ਆਰਥਕ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਸਰਕਾਰ ਨੇ ਸਪੱਸ਼ਟ ਕੀਤਾ ਕਿ ਇਸ ਫ਼ੈਸਲੇ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਹੀ ਨਹੀਂ ਕਿਉਂਕਿ ਦੇਸ਼ ਨੂੰ ‘ਵਿਆਪਕ ਤਰੱਕੀ’ ਦੀ ਲੋੜ ਹੈ। ਕਾਂਗਰਸ ਦੇ ਕੁੱਝ ਸੀਨੀਅਰ ਮੰਤਰੀਆਂ ਨੇ ਕਿਹਾ ਕਿ ਜੇ ਤ੍ਰਿਣਮੂਲ ਕਾਂਗਰਸ ਦੇ ਮੰਤਰੀ ਸ਼ੁੱਕਰਵਾਰ ਨੂੰ ਅਸਤੀਫ਼ੇ ਦੇ ਵੀ ਦਿੰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਨੇ ਕੁੱਝ ਨਵੇਂ ਭਾਈਵਾਲ ਜੁਟਾਉਣ ਦੇ ਵੀ ਸੰਕੇਤ ਦਿਤੇ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਮੇਤ ਅੱਠ ਵਿਰੋਧੀ ਪਾਰਟੀਆ ਵਲੋਂ
ਬੰਦ ਦੇ ਦਿਤੇ ਗਏ ਸੱਦੇ ਨਾਲ ਦੇਸ਼ ਨੂੰ ਆਰਥਕ ਨੁਕਸਾਨ ਤੋਂ ਬਿਨਾਂ ਹੋਰ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਇਸ ਹੜਤਾਲ ਨਾਲ ਦੇਸ਼ ਦੀ ਆਰਥਿਕਤਾ ਨੂੰ ਹੀ ਵੱਡਾ ਨੁਕਸਾਨ ਪਹੁੰਚਿਆ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਸੀਮਤ ਵਿਰੋਧ
ਤਾਂ ਜਾਇਜ਼ ਹੁੰਦਾ ਹੈ ਪਰ ਇਹ ਲੋਕਾਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ। ਕਾਨੂੰਨ ਮੰਤਰੀ ਸਲਮਾਨ ਖ਼ੁਰਸ਼ੀਦ ਨੇ ਸਪੱਸ਼ਟ ਕੀਤਾ ਕਿ ਸਰਕਾਰ ਪ੍ਰਚੂਨ ਵਿਚ ਐਫ਼.ਡੀ.ਆਈ. ਦੇ ਮਾਮਲੇ ’ਤੇ ਕਦੇ ਵੀ ਪਿੱਛੇ ਨਹੀਂ ਹਟੇਗੀ। (ਏਜੰਸੀ)