ਰਾਸ਼ਟਰੀ ਖਬਰਾਂ
 

ਸਰਕਾਰ ਵਲੋਂ ਮਮਤਾ ਅੱਗੇ ਝੁਕਣ ਤੋਂ ਇਨਕਾਰ ਕਿਹਾ, ਐਫ਼.ਡੀ.ਆਈ.,ਡੀਜ਼ਲ ਕੀਮਤਾਂ ’ਚ ਵਾਧਾ ਵਾਪਸ ਨਹੀਂ ਹੋਵੇਗਾ


ਨਵੀਂ ਦਿੱਲੀ, 19 ਸਤੰਬਰ : ਲਗਾਤਾਰ ਦਬਾਅ ਅਤੇ ਮੁਸ਼ਕਲਾਂ ਵਿਚ ਘਿਰਦੀ ਜਾ ਰਹੀ ਯੂ.ਪੀ.ਏ. ਸਰਕਾਰ ਨੇ ਮਮਤਾ ਅੱਗੇ ਝੁਕਣ ਤੋਂ ਇਨਕਾਰ ਕਰਦਿਆਂ ਅੱਜ ਫਿਰ ਮੁੜ ਸਪੱਸ਼ਟ ਕੀਤਾ ਕਿ ਲਏ ਗਏ ਲਏ ਗਏ ਫ਼ੈਸਲਿਆਂ ਨੂੰ ਰੱਦ ਨਹੀਂ ਕੀਤਾ ਜਾਵੇਗਾ। ਮਲਟੀ ਬ੍ਰਾਂਡ ਪਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਬਾਰੇ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸਪੱਸ਼ਟ ਕੀਤਾ ਕਿ ਸਰਕਾਰ ਐਲਾਨ ਕੀਤੇ ਫ਼ੈਸਲਿਆਂ ਨੂੰ ਵਾਪਸ ਨਹੀਂ ਲਵੇਗੀ। ਕਾਂਗਰਸ ਦੇ ਕੋਰ ਗਰੁੱਪ ਦੀ ਬੈਠਕ ਤੋਂ ਬਾਅਦ ਚਿਦੰਬਰਮ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਚੂਨ ਖੇਤਰ ਵਿਚ ਵਿਦੇਸ਼ੀ ਨਿਵੇਸ਼ ਬਾਰੇ ਸਰਕਾਰ ਨੇ ਜੋ ਫ਼ੈਸਲਾ ਕੀਤਾ ਹੈ, ਉਹ ਸੋਚ-ਸਮਝ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਕ ਹਾਲਤ ਅਜਿਹੀ ਨਹੀਂ ਹੈ ਕਿ ਇਨ੍ਹਾਂ ਫ਼ੈਸਲਿਆਂ ਨਾਲ ਸਮਝੌਤਾ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੋਚ-ਸਮਝ ਕੇ ਆਰਥਕ ਸੁਧਾਰਾਂ ਲਈ ਠੋਸ ਕਦਮ ਚੁੱਕੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਸੋਨੀ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਜਨਤਾ ਦੀ ਭਲਾਈ ਲਈ ਸਖ਼ਤ ਫ਼ੈਸਲੇ ਲਏ ਹਨ। ਡੀਜ਼ਲ ਅਤੇ ਰਸੋਈ ਗੈਸ ਬਾਰੇ ਫ਼ੈਸਲਿਆਂ ’ਤੇ ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਪੂਰੇ ਦੇਸ਼ ਵਿਚ ਸਾਡੇ ਲਈ ਡੀਜ਼ਲ ਅਤੇ ਰਸੋਈ ਗੈਸ ਸਪਲਾਈ ਕਰਨਾ ਮੁਸ਼ਕਲ ਹੋ ਜਾਂਦਾ। ਦੋਹਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਤ੍ਰਿਣਮੂਲ ਕਾਂਗਰਸ ਨੂੰ ਸਮਝਾਉਣ ਦਾ ਫੈਸਲਾ ਲਿਆ ਹੈ। ਬੇਸ਼ੱਕ ਉਹ ਸਮਰਥਨ ਵਾਪਸ ਲੈ ਚੁੱਕੇ ਹਨ ਪਰ ਉਨ੍ਹਾਂ ਕਿਹਾ ਕਿ ਪਾਰਟੀ, ਟੀ.ਐਮ.ਸੀ. ਨੂੰ ਦੱਸੇਗੀ ਕਿ ਕਿਨ੍ਹਾਂ ਹਾਲਾਤਾਂ ਵਿਚ ਡੀਜ਼ਲ ਦੀਆਂ ਕੀਮਤਾਂ ਵਧਾਉਣ, ਰਸੋਈ ਗੈਸ ਦਾ ਕੋਟਾ ਮਿੱਥਣ ਅਤੇ ਪ੍ਰਚੂਨ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਵਰਗੇ ਫ਼ੈਸਲੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਪ੍ਰਚੂਨ ਵਿਚ ਐਫ਼.ਡੀ.ਆਈ. ਦੇ ਮਤੇ ਨੂੰ ਵਾਪਸ ਲੈਣ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪੰਜ ਰੁਪਏ ਦੇ ਕੀਤੇ ਵਾਧੇ ਨੂੰ ਘਟਾ ਕੇ 4 ਜਾਂ 3 ਰੁਪਏ ਕਰਨ ਅਤੇ ਇਕ ਸਾਲ ਵਿਚ ਗੈਸ ਸਿ¦ਡਰਾਂ ਦਾ ਕੋਟਾ 6 ਤੋਂ 12 ਕਰਨ ਦੀ ਮੰਗ ਰੱਖੀ ਸੀ। ਮਮਤਾ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੋ ਵਾਰ ਫ਼ੋਨ ’ਤੇ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਦੁਬਾਰਾ ਕਾਲ ਨਹੀਂ ਕੀਤੀ। ਰੇਲ ਮੰਤਰੀ ਮੁਕੁਲ ਰਾਏ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ਨਾਲ ਫ਼ੋਨ ’ਤੇ ਸੰਪਰਕ ਕੀਤਾ ਸੀ। ਇਸੇ ਦਰਮਿਆਨ ਕੇਂਦਰ ਨੇ ਸਮਾਜਵਾਦੀ ਪਾਰਟੀ ਨਾਲ ਵੀ ਸੰਪਰਕ ਕੀਤਾ ਹੈ ਪਰ ਸਹਿਯੋਗੀ ਪਾਰਟੀ ਨੇ ਡੀਜ਼ਲ ਕੀਮਤਾਂ ਵਿਚ ਵਾਧੇ ਅਤੇ ਗੈਸ ਸਿ¦ਡਰਾਂ ਦੇ ਕੋਟੇ ਦੇ ਮੁੱਦੇ ’ਤੇ ਕਿਹਾ ਕਿ ਉਸ ਵਲੋਂ ਨਾ ਤਾਂ ਸਰਕਾਰ ਨੂੰ ਕੋਈ ਅਲਟੀਮੇਟਮ ਦਿਤਾ ਜਾਵੇਗਾ ਅਤੇ ਨਾ ਹੀ ਪਾਰਟੀ ਨੇ ਅਜੇ ਇਸ ਮੁੱਦੇ ’ਤੇ ਅਪਣੇ ਪੱਤੇ ਖੋਲ੍ਹੇ ਹਨ। ਸੂਤਰਾਂ ਅਨੁਸਾਰ ਸਪਾ ਵਲੋਂ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਤ੍ਰਿਣਮੂਲ ਕਾਂਗਰਸ ਦੇ ਯੂ.ਪੀ.ਏ. ਗਠਜੋੜ ਵਿਚੋਂ ਬਾਹਰ ਹੋਣ ਤੋਂ ਬਾਅਦ ਸਪਾ ਅਤੇ ਬਸਪਾ ਵੀ ਲਗਾਤਾਰ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ ਕਰ ਰਹੀਆਂ ਹਨ। ਸਿਆਸੀ ਮਾਹੌਲ ਨੂੰ ਦੇਖਦਿਆਂ ਸਮਾਜਵਾਦੀ ਪਾਰਟੀ ਦੇ ਬੁਲਾਰੇ ਪ੍ਰੋ. ਰਾਮਗੋਪਾਲ ਯਾਦਵ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਸਰਕਾਰ ਨੂੰ ਪੂਰਾ ਸਮਰਥਨ ਦਿਤਾ ਹੈ। ਜੇ ਕੋਈ ਕਦਮ ਲੋਕ ਵਿਰੋਧੀ ਹੋਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਭਲਾਈ ਵਾਲੇ ਫ਼ੈਸਲਿਆਂ ਲਈ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਸਮਰਥਨ ਕਰਦੀ ਰਹੇਗੀ। (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.