ਰਾਸ਼ਟਰੀ ਖਬਰਾਂ
 

ਜਸਪਾਲ ਸਿੰਘ ‘ਪ੍ਰਧਾਨ’ ਪਟਿਆਲਾ ਨਗਰ ਨਿਗਮ ਦੇ ਮੇਅਰ ਬਣੇ

 


ਪਟਿਆਲਾ, 17 ਸਤੰਬਰ (ਹਰਪ੍ਰੀਤ ਸਿੰਘ ਧਾਲੀਵਾਲ, ਸੁਖਦੀਪ ਸਿੰਘ ਮਾਨ): ਸ਼੍ਰੋਮਣੀ ਅਕਾਲੀ ਦਲ ਦੇ ਸ. ਜਸਪਾਲ ਸਿੰਘ ਪ੍ਰਧਾਨ ਅੱਜ ਸਰਬ ਸੰਮਤੀ ਨਾਲ ਪਟਿਆਲਾ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਗਏ ਜਦਕਿ ਭਾਜਪਾ ਦੇ ਸ੍ਰੀ ਜਗਦੀਸ਼ ਰਾਏ ਚੌਧਰੀ, ਸੀਨੀਅਰ ਡਿਪਟੀ ਮੇਅਰ ਅਤੇ ਭਾਜਪਾ ਦੇ ਹੀ ਸ੍ਰੀ ਹਰਿੰਦਰ ਕੋਹਲੀ ਡਿਪਟੀ ਮੇਅਰ ਚੁਣੇ ਗਏ। ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ. ਅਜੀਤ ਸਿੰਘ ਪਨੂੰ ਨੇ ਸੱਭ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਵਿਚ ਜੇਤੂ ਰਹੇ 50 ਮਿਉਂਸਪਲ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਉਪਰੰਤ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰਖੜਾ, ਸ. ਸਿਕੰਦਰ ਸਿੰਘ ਮਲੂਕਾ ਅਤੇ ਸ੍ਰੀ ਸੁਰਜੀਤ ਕੁਮਾਰ ਜਿਆਣੀ ਦੀ ਹਾਜ਼ਰੀ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਸੱਭ ਤੋਂ ਪਹਿਲਾਂ ਮਿਉਂਸਪਲ ਕੌਂਸਲਰ ਸ. ਮਾਲਵਿੰਦਰ ਸਿੰਘ ਨੇ ਮੇਅਰ ਦੇ ਅਹੁਦੇ ਲਈ ਸ. ਜਸਪਾਲ ਸਿੰਘ ਪ੍ਰਧਾਨ ਦੇ ਨਾਂ ਦਾ ਪ੍ਰਸਤਾਵ ਰਖਿਆ ਜਿਸ ਦੀ ਤਈਦ ਸ. ਜਸਪਾਲ ਸਿੰਘ ਚੱਠਾ ਨੇ ਕੀਤੀ ਅਤੇ ਹਾਊਸ ਵਲੋਂ ਸ. ਜਸਪਾਲ ਸਿੰਘ ਪ੍ਰਧਾਨ ਨੂੰ ਸਰਬਸੰਮਤੀ ਨਾਲ ਮੇਅਰ ਵਜੋਂ ਪ੍ਰਵਾਨ ਕਰ ਲਿਆ ਗਿਆ। ਇਸ ਉਪਰੰਤ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਸ. ਅਵਤਾਰ ਸਿੰਘ ਹੈਪੀ ਵਲੋਂ ਸ੍ਰੀ ਜਗਦੀਸ਼ ਰਾਏ ਚੌਧਰੀ ਦੇ ਨਾਮ ਦਾ ਪ੍ਰਸਤਾਵ ਰਖਿਆ ਗਿਆ ਜਿਸ ਦੀ ਤਾਈਦ ਸ੍ਰੀਮਤੀ ਲਤਾ ਅਗਰਵਾਲ ਨੇ ਕੀਤੀ ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਸ੍ਰੀ ਹਰਿੰਦਰ ਕੋਹਲੀ ਦੇ ਨਾਮ ਦਾ ਸ. ਰੁਲਦਾ ਸਿੰਘ ਵਲੋਂ ਪ੍ਰਸਤਾਵ ਰਖਿਆ ਗਿਆ ਜਿਸ ਦੀ ਤਾਈਦ ਸ. ਬਲਵੰਤ ਰਾਏ ਵਲੋਂ ਕੀਤੀ ਗਈ। ਇਨ੍ਹਾਂ ਦੋਹਾਂ ਨੂੰ ਵੀ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।  ਇਸ ਮੌਕੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਸ. ਸਿਕੰਦਰ ਸਿੰਘ ਮਲੂਕਾ ਅਤੇ ਸੁਰਜੀਤ ਕੁਮਾਰ ਜਿਆਣੀ ਨੇ ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਸਮੇਤ ਸਮੂਹ ਮਿਊਂਸੀਪਲ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਤਿਹਾਸਕ ਸ਼ਹਿਰ ਪਟਿਆਲਾ ਦੇ ਸਰਬ ਪੱਖੀ ਵਿਕਾਸ ਲਈ
ਸਮੁੱਚੀ ਟੀਮ ਇਕਜੁੱਟ ਹੋ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਵਿਕਾਸ ਫ਼ੰਡਾਂ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਬੀਤੇ ਸਮੇਂ ਦੌਰਾਨ ਪਟਿਆਲਾ ਸ਼ਹਿਰ ’ਚ ਵਿਕਾਸ ਕਾਰਜ ਕਰਵਾਉਣ ਲਈ ਸਾਬਕਾ ਮੇਅਰ ਸ. ਅਜੀਤ ਪਾਲ ਸਿੰਘ ਕੋਹਲੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵੀ ਵਧਾਈ ਦਿਤੀ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਵੀ ਸਮੁੱਚੀ ਟੀਮ ਨੂੰ ਵਧਾਈ ਦਿਤੀ।  17 ਅਪ੍ਰੈਲ, 1952 ਨੂੰ ਪਟਿਆਲਾ ਵਿਖੇ ਜਨਮੇ ਅਤੇ ਲਗਾਤਾਰ ਤੀਸਰੀ ਵਾਰ ਮਿਉਂਸਪਲ ਕੌਂਸਲਰ ਬਣੇ ਪਟਿਆਲਾ ਦੇ ਨਵੇਂ ਮੇਅਰ ਸ. ਜਸਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੇ ਮੈਂਬਰਾਂ ਨੂੰ ਨਾਲ ਲੈ ਕੇ ਪਟਿਆਲਾ ਸ਼ਹਿਰ ਵਿਚ ਸੀਵਰੇਜ ਦੀ ਸਫ਼ਾਈ ਅਤੇ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹਈਆ ਕਰਵਾਉਣ ਲਈ ਨਹਿਰੀ ਪ੍ਰਾਜੈਕਟ ਨੂੰ ਤਰਜੀਹ ਦੇਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ-ਪੱਖੀ ਫ਼ੈਸਲੇ ਲੈ ਕੇ ਸ਼ਹਿਰ ਦਾ ਵਿਧੀਵਤ ਢੰਗ ਨਾਲ ਵਿਕਾਸ ਕਰ ਕੇ, ਇਸ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਉਪਰੰਤ ਸ. ਜਸਪਾਲ ਸਿੰਘ ਪ੍ਰਧਾਨ, ਗੁਰਦਵਾਰਾ ਸ੍ਰੀ ਦੁੂਖ ਨਿਵਾਰਨ ਸਾਹਿਬ, ਗੁਰਦਵਾਰਾ ਮੋਤੀ ਬਾਗ਼ ਅਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਸ਼ੁਕਰਾਨਾ ਅਦਾ ਕਰਨ ਗਏ। ਪਟਿਆਲਾ ਨਗਰ ਨਿਗਮ ਦਫ਼ਤਰ ਵਿਖੇ ਕਰਵਾਏ ਗਏ ਇਸ ਸਹੁੰ ਚੁੱਕ ਸਮਾਰੋਹ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਮੈਂਬਰ ਰਾਜ ਸਭਾ ਬੀਬਾ ਅਮਰਜੀਤ ਕੌਰ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ, ਪਨਸੀਡ ਪੰਜਾਬ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਪੰਜਾਬ ਫ਼ੂਡ ਗਰੇਨ ਨਿਗਮ ਦੇ ਚੇਅਰਮੈਨ ਸ. ਰਣਧੀਰ ਸਿੰਘ ਰਖੜਾ, ਪੰਜਾਬ ਮੁਲਾਜਮ ਭਲਾਈ ਬੋਰਡ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ, ਐਸ.ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਲਾਹਕਾਰ ਕਮੇਟੀ ਦੇ ਮੈਂਬਰ ਸ. ਸ਼ਗਿੰਦਰ ਸਿੰਘ ਸੰਨੀ ਔਲਖ, ਵਰਕਿੰਗ ਕਮੇਟੀ ਮੈਂਬਰ ਸ੍ਰੀ ਛੱਜੂ ਰਾਮ ਸੋਫ਼ਤ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ੍ਰੀ ਅਰੁਣ ਗੁਪਤਾ, ਯੂਥ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ, ਬੀ.ਜੇ.ਪੀ. ਦੇ ਮਨੁੱਖੀ ਅਧਿਕਾਰ ਵਿੰਗ ਦੇ ਪੰਜਾਬ ਪ੍ਰਧਾਨ ਸ. ਗੁਰਤੇਜ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਭੁਪੇਸ਼ ਅਗਰਵਾਲ, ਸ਼੍ਰੀ ਇੰਦਰ ਕੁਮਾਰ, ਸ. ਸਰੂਪ ਸਿੰਘ ਸਹਿਗਲ0, ਸ. ਨਰਦੇਵ ਸਿੰਘ ਆਕੜੀ ਸਮੇਤ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.