ਹੈਦਰਾਬਾਦ, 16 ਸਤੰਬਰ : ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਵਾਪਸ ਲੈਣ ਦੀ ਮੰਗ ਕਰਦਿਆਂ ਭਾਜਪਾ ਦੇ ਆਗੂ ਵੈਂਕਈਆ ਨਾਇਡੂ ਨੇ ਕਿਹਾ ਕਿ ਭਾਜਪਾ, ਸਰਕਾਰ ਦੇ ਇਸ ਫ਼ੈਸਲੇ ਵਿਰੁਧ ਸਿਆਸੀ ਪੱਧਰ ’ਤੇ ਸੰਘਰਸ਼ ਛੇੜੇਗੀ। ਉਨ੍ਹਾਂ ਯੂ.ਪੀ.ਏ. ਦੇ ਭਾਈਵਾਲਾਂ ਨੂੰ ਵੀ ਇਨ੍ਹਾਂ ਮੁੱਦਿਆਂ ’ਤੇ ਅਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ। ਨਾਇਡੂ ਨੇ ਦਾਅਵਾ ਕੀਤਾ ਕਿ ਯੂ.ਪੀ.ਏ. ਸਰਕਾਰ ਸਾਰੇ ਮੋਰਚਿਆਂ ’ਤੇ ਨਾਕਾਮ ਰਹੀ ਹੈ ਅਤੇ ਮੱਧਕਾਲੀ ਚੋਣਾਂ ਹੀ ਦੇਸ਼ ਸਾਹਮਣੇ ਇਕੋ-ਇਕ ਹੱਲ ਹਨ। ਡੀਜ਼ਲ ਕੀਮਤਾਂ ਵਿਚ ਵਾਧੇ ਅਤੇ ਪ੍ਰਚੂਨ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ’ਤੇ ਸਹਿਯੋਗੀਆਂ ਨੂੰ ਭਰੋਸੇ ਵਿਚ ਨਾ ਲੈਣ ਦਾ ਦੋਸ਼ ਲਗਾਉਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਹੀ ਇਕ ਵਿਸਥਾਰਤ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗੀ। ਨਾਇਡੂ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ’ਤੇ ਅਪਣੀਆਂ ਨਾਕਾਮੀਆਂ ਲੁਕਾਉਣ ਅਤੇ ਲੋਕਾਂ ਦਾ ਧਿਆਨ ਵੰਡਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਐਫ਼.ਡੀ.ਆਈ. ਨੂੰ ਮਨਜ਼ੂਰੀ ਦੇਣਾ ਇਕਪਾਸੜ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਸਦ ਵਿਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਵਿਚ ਕਿਹਾ ਸੀ ਕਿ ਅੰਤਰਰਾਸ਼ਟਰੀ ਪ੍ਰਚੂਨ ਵਪਾਰ ’ਚ 51 ਫ਼ੀ ਸਦੀ ਐਫ਼.ਡੀ.ਆਈ. ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਉਸ ਸਮੇਂ ਤਕ ਮੁਲਤਵੀ ਕਰ ਦਿਤਾ ਗਿਆ ਹੈ ਜਦ ਤਕ ਇਸ ਮਾਮਲੇ ਬਾਰੇ ਰਾਜਾਂ ਦੇ ਮੁੱਖ ਮੰਤਰੀਆਂ ਸਣੇ ਸਾਰੀਆਂ ਧਿਰਾਂ ਦੀ ਆਮ ਸਹਿਮਤੀ ਨਹੀਂ ਬਣ ਜਾਂਦੀ। ਨਾਇਡੂ ਨੇ ਕਿਹਾ ਕਿ ਭਾਜਪਾ ਸੁਧਾਰਾਂ ਦੇ ਵਿਰੁਧ ਨਹੀਂ ਪਰ ਇਹ ਪ੍ਰਚੂਨ ਬਾਜ਼ਾਰ ਵਿਚ ਐਫ਼.ਡੀ.ਆਈ. ਦੇ ਵਿਰੁਧ ਹੈ ਅਤੇ ਇਸ ਫ਼ੈਸਲੇ ਨਾਲ ਕਰੋੜਾਂ ਕਿਸਾਨ ਸੜਕਾਂ ’ਤੇ ਆ ਜਾਣਗੇ। ਭਾਜਪਾ ਆਗੂ ਨੇ ਕਿਹਾ ਕਿ ਯੂ.ਪੀ.ਏ. ਦੀਆਂ ਸਹਿਯੋਗੀ ਪਾਰਟੀਆਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਜਨਤਾ ਨਾਲ ਹਨ ਜਾਂ ਸਰਕਾਰ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਦੇ ਭਾਈਵਾਲਾਂ ਨੂੰ ਸਪੱਸ਼ਟ ਰਵਈਆ ਅਪਨਾਉਣਾ ਚਾਹੀਦਾ ਹੈ ਅਤੇ ਸਿਰਫ਼ ਵਿਖਾਵੇ ਵਜੋਂ ਅਥਰੂ ਵਹਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਇਸ ਦਾ ਹੱਲ ਨਹੀਂ ਹੈ। (ਏਜੰਸੀ)