ਰਾਸ਼ਟਰੀ ਖਬਰਾਂ
 

ਰਣੀਕੇ ਨੇ ਦਿਤਾ ਅਸਤੀਫ਼ਾ

 

ਚੰਡੀਗੜ੍ਹ, 16 ਸਤੰਬਰ (ਜੀ.ਸੀ. ਭਾਰਦਵਾਜ) : ਸਰਕਾਰੀ ਗ੍ਰਾਂਟਾਂ ਵਿਚ ਚਲ ਰਹੀ ਘਪਲੇਬਾਜ਼ੀ ਅਤੇ ਵਿਜੀਲੈਂਸ ਮਹਿਕਮੇ ਵਲੋਂ ਸ਼ੁਰੂ ਕੀਤੀ ਪੜਤਾਲ ਦੇ ਸਨਮੁਖ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਵੇਰੇ ਅਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਸੌਂਪ ਦਿਤਾ ਜਿਨ੍ਹਾਂ ਨੇ ਦੁਪਹਿਰ ਅਸਤੀਫ਼ੇ ਦੀ ਚਿੱਠੀ ਰਾਜ ਭਵਨ ਵਿਚ ਪੁਜਦੀ ਕਰ ਦਿਤੀ। ਰਾਜਪਾਲ ਸ਼ਿਵਰਾਜ ਪਾਟਿਲ ਅੱਜ ਲੁਧਿਆਣਾ ਵਿਚ ਉਦਯੋਗਪਤੀਆਂ ਦੇ ਸਾਲਾਨਾਂ ਸਮਾਰੋਹ ਤੋਂ ਸ਼ਾਮ ਸਾਢੇ ਤਿੰਨ ਵਜੇ ਵਾਪਸ ਪਹੁੰਚੇ ਅਤੇ ਰਾਜ ਭਵਨ ਦੇ ਸੂਤਰਾਂ ਤੋਂ ਸਪੋਕਸਮੈਨ ਨੂੰ ਮਿਲੀ ਜਾਣਕਾਰੀ ਅਨੁਸਾਰ ਰਾਜਪਾਲ ਨੇ ਇਸ ਅਸਤੀਫ਼ੇ ਨੂੰ ਸ਼ਾਮ 5 ਵਜੇ ਦੇ ਕਰੀਬ ਪ੍ਰਵਾਨ ਕਰ ਕੇ ਇਤਲਾਹ ਮੁੱਖ ਮੰਤਰੀ ਨੂੰ ਭੇਜ ਦਿਤੀ। ਬਾਦਲ ਮੰਤਰੀ ਮੰਡਲ ਵਿਚ 3 ਵਾਰ ਮੰਤਰੀ ਰਹਿ ਚੁਕੇ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਵੇਰੇ ਲਿਖਤੀ ਤੌਰ ’ਤੇ ਅਸਤੀਫ਼ਾ ਮੁੱਖ ਮੰਤਰੀ ਨੂੰ ਮਿਲ ਕੇ ਸੌਂਪਿਆ ਅਤੇ ਦਸਿਆ ਕਿ ਉਹ ਅਤੇ ਉੁਨ੍ਹਾਂ ਦੇ ਪਰਵਾਰ ਦਾ ਕੋਈ ਵੀ ਮੈਂਬਰ ਇਸ ਘਪਲੇ ਵਿਚ ਸ਼ਾਮਲ ਨਹੀਂ ਹੈ। ਉਨ੍ਹਾਂ ਨੇ ਇਹ ਅਸਤੀਫ਼ਾ ਨੈਤਿਕਤਾ ਦੇ ਆਧਾਰ ’ਤੇ ਜ਼ੁੰਮੇਵਾਰੀ ਕਬੂਲਿਆਂ ਦਿਤਾ ਹੈ। ਜ਼ਿਰਕਯੋਗ ਹੈ ਕਿ ਰਣੀਕੇ ਦਾ ਸਿਆਸੀ ਸਕੱਤਰ ਸਰਬ ਦਿਆਲ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਗ੍ਰਾਂਟਾਂ ਦੀ ਘਪਲੇਬਾਜ਼ੀ ਅਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਦੋਸ਼ ਵਿਚ ਫਸਿਆ ਹੋਇਆ ਹੈ ਜਿਸ ਸਬੰਧੀ ਪਹਿਲਾਂ ਅੰਮ੍ਰਿਤਸਰ ਡਵੀਜ਼ਨ ਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਪੋਚਾ-ਪੋਚੀ ਵਾਲੀ ਪੜਤਾਲ ਕਰਨ ਦੀ ਡਿਊਟੀ ਸੌਂਪੀ ਸੀ ਅਤੇ 2 ਦਿਨ ਪਹਿਲਾਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੇ ਵਿਜੀਲੈਂਸ ਮਹਿਕਮੇ ਨੂੰ 4 ਹਫ਼ਤੇ ਵਿਚ ਰੀਪੋਰਟ ਦੇਣ ਲਈ ਕਿਹਾ ਸੀ। ਇਹ ਘਪਲਾ 2 ਕਰੋੜ ਤੋਂ ਵੱਧ ਦਾ ਬਣਦਾ ਹੈ। ਸਪੋਕਸਮੈਨ ਨੇ 2 ਦਿਨ ਪਹਿਲਾਂ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਪ੍ਰਕਾਸ਼ਤ ਕੀਤੀ ਸੀ ਕਿ ਰਣੀਕੇ ਦੀ ਮੰਤਰੀ ਮੰਡਲ ਤੋਂ ਛੇਤੀ ਹੀ ਛੁੱਟੀ ਹੋਣ ਵਾਲੀ ਹੈ ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਅੰਦਰਖਾਤੇ ਮਨ ਵਿਚ ਬਹੁਤ ਦੁਖੀ ਅਤੇ ਪ੍ਰੇਸ਼ਾਨ ਸਨ ਕਿ ਤਿੰਨ ਵਾਰ ਮੰਤਰੀ ਰਹਿ ਚੁਕੇ ਅਟਾਰੀ ਰਾਖਵੇਂ ਹਲਕੇ ਤੋਂ ਇਹ ਦਲਿਤ ਵਿਧਾਇਕ ਉਨ੍ਹਾਂ ਦੀ ਆਨ-ਸ਼ਾਨ ਨੂੰ ਬਦਨਾਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਨੂੰ ਲੈ ਕੇ ਵਾਰ-ਵਾਰ ਲੋਕਾਂ ਵਿਚ ਭੰਡੀ ਕੀਤੀ ਸੀ ਕਿ ਬਾਦਲ ਦਾ ਮੰਤਰੀ ਮੰਡਲ ਕੁਰੱਪਟ ਹੋ ਗਿਆ ਹੈ ਅਤੇ ਰਾਜ ਸਰਕਾਰ ਦੀਆਂ ਗ੍ਰਾਂਟਾਂ ਤੋਂ ਇਲਾਵਾ ਕੇਂਦਰ ਤੋਂ ਮਿਲੇ ਪੈਸੇ ਜਿਨ੍ਹਾਂ ਵਿਚ ਸਰਹੱਦ ਨਾਲ ਲਗਦੇ ਇਲਾਕੇ ਵਾਸਤੇ ਮਦਦ ਸ਼ਾਮਲ ਸੀ, ਵੀ ਖ਼ੁਰਦ-ਬੁਰਦ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਰਾਖਵੇਂ ਹਲਕੇ ਤੋਂ 1997-2002, 2002-2007, 2007-2012 ਅਤੇ ਹੁਣ ਚੌਥੀ ਵਾਰ ਜੇਤੂ ਰਹੇ ਸ. ਗੁਲਜ਼ਾਰ ਸਿੰਘ ਰਣੀਕੇ ਦੇ ਮਹਿਕਮੇ ਪਸ਼ੂ ਪਾਲਣ, ਡੈਅਰੀ ਵਿਕਾਸ, ਅਨੁਸੂਚਿਤ ਜਾਤੀ, ਪਛੜੀਆਂ ਜਾਤੀ ਭਲਾਈ ਅਤੇ ਹੋਰ, ਹੁਣ ਮੁੱਖ ਮੰਤਰੀ ਨੇ ਅਪਣੇ ਕੋਲ ਰੱਖ ਲਏ ਹਨ। ਸੈਕਟਰ-2 ਦੀ ਕੋਠੀ ਨੰਬਰ 8 ਵਿਚ ਸ. ਰਣੀਕੇ ਦੀ ਸਰਕਾਰੀ ਰਿਹਾਇਸ਼, ਫ਼ਿਲਹਾਲ ਕੁੱਝ ਦਿਨਾਂ ਤਕ ਉਥੇ ਹੀ ਰਹੇਗੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਐਮ.ਐਲ.ਏ. ਦਾ ਫ਼ਲੈਟ ਮਿਲੇਗਾ। ਰਣੀਕੇ ਦੇ ਨਾਲ ਲੱਗੇ ਸਰਕਾਰੀ ਸਟਾਫ਼ ਨੇ ਸਪੋਕਸਮੈਨ ਨੂੰ ਦਸਿਆ ਕਿ ਸਰਕਾਰੀ ਗੱਡੀ, ਸੁਰੱਖਿਆ ਅਤੇ ਹੋਰ ਸਟਾਫ਼ ਭਲਕੇ ਸਕੱਤਰੇਤ ਹਾਜ਼ਰ ਹੋ ਜਾਵੇਗੀ ਜਿਥੋਂ ਉਨ੍ਹਾਂ ਦੀ ਅਗਲੀ ਤਾਇਨਾਤੀ ਦਾ ਫ਼ੇਸਲਾ ਹੋਵੇਗਾ। ਸਿਵਲ ਸਕੱਤਰੇਤ ਵਿਚ ਤੀਜੀ ਮੰਜ਼ਲ ’ਤੇ 31 ਨੰਬਰ, ਰਣੀਕੇ ਦਾ ਵਜ਼ੀਰੀ ਵਾਲਾ ਕਮਰਾ ਭਲਕੇ ਤੋਂ ਬੰਦ ਕਰ ਦਿਤਾ ਜਾਵੇਗਾ ਅਤੇ ਉਥੇ ਨਵੇਂ ਕਿਸੇ ਮੰਤਰੀ ਨੂੰ ਬਿਠਾਇਆ ਜਾਵੇਗਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.