ਰਾਸ਼ਟਰੀ ਖਬਰਾਂ
 

ਗੁਲਜ਼ਾਰ ਸਿੰਘ ਰਣੀਕੇ ਦੀ ਛੁੱਟੀ ਸੰਭਵ

 


ਚੰਡੀਗੜ੍ਹ, 13 ਸਤੰਬਰ (ਜੀ.ਸੀ². ਭਾਰਦਵਾਜ): ਵਿਧਾਨ ਸਭਾ ਚੋਣਾਂ ’ਚ ਬਹੁਮਤ ਲੈਣ ਉਪਰੰਤ, ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਮੰਤਰੀ ਮੰਡਲ ਵਿਚ ਪਹਿਲਾਂ 2 ਹਫ਼ਤੇ ਮਗਰੋਂ ਹੀ 30 ਮਾਰਚ ਨੂੰ ਬੀਬੀ ਜਗੀਰ ਕੌਰ ਨੂੰ ਅਸਤੀਫ਼ਾ ਦੇਣਾ ਪਿਆ ਸੀ ਅਤੇ ਮਹੀਨੇ ਬਾਅਦ ਹੀ ਇਕ ਅਦਾਲਤੀ ਕੇਸ ਵਿਚ ਸਜ਼ਾ ਹੋਣ ਉਪਰੰਤ, ਤੋਤਾ ਸਿੰਘ ਨੇ 8 ਮਈ ਨੂੰ ਅਸਤੀਫ਼ਾ ਦੇ ਦਿਤਾ ਸੀ। ਹੁਣ ਇਨ੍ਹਾਂ ਦੁਹਾਂ ਖ਼ਾਲੀ ਪਈਆਂ ਸੀਟਾਂ ਨੂੰ ਭਰਨ ਦਾ ਮਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਣਾ ਲਿਆ ਹੈ।
ਸਿਵਲ ਸਕੱਤਰੇਤ ਅਤੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਮੁੱਖ ਮੰਤਰੀ, ਅਕਾਲੀ ਦਲ ਦੇ ਇਕ ਸੀਨੀਅਰ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸਬੰਧੀ ਸਰਕਾਰੀ ਗਰਾਂਟਾਂ ਦੀ ਵੰਡ ਵਿਚ ਕਥਿਤ ਤੌਰ ’ਤੇ ਦੋਸ਼ੀ ਹੋਣ ਤੋਂ ਨਾਰਾਜ਼ ਅਤੇ ਦੁਖੀ ਹਨ। ਪਤਾ ਲੱਗਾ ਹੈ ਕਿ ਆਉਂਦੇ ਕੁੱਝ ਦਿਨਾਂ ਵਿਚ ਰਣੀਕੇ ਦੀ ਛੁੱਟੀ ਵੀ ਹੋ ਸਕਦੀ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ‘ਸਪੋਕਸਮੈਨ’ ਨੂੰ ਕਨਸੋਅ ਮਿਲੀ ਹੈ ਕਿ ਚੌਥੀ ਵਾਰ ਵਿਧਾਇਕ ਬਣੇ ਅਤੇ ਹੁਣ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ ’ਤੇ ਤੈਨਾਤ ਸੋਹਣ ਸਿੰਘ ਠੰਡਲ ਅਤੇ ਪਹਿਲੀ ਵਾਰ ਵਿਧਾਇਕ ਬਣੇ ਪਰ ਸ. ਬਾਦਲ ਦੇ ਨੇੜੇ ਸਮਝੇ ਜਾਂਦੇ ਡਾ. ਦਲਜੀਤ ਸਿੰਘ ਚੀਮਾ ਇਨ੍ਹਾਂ ਖ਼ਾਲੀ ਪਈਆਂ 2 ਸੀਟਾਂ ’ਤੇ ਹੱਥ ਮਾਰ ਜਾਣਗੇ। ਇਸੇ ਤਰ੍ਹਾਂ ਗੁਲਜ਼ਾਰ ਸਿੰਘ ਰਣੀਕੇ ਦੀ ਥਾਂ ਮੌਜੂਦਾ ਮੁੱਖ ਪਾਰਲੀਮਾਨੀ ਸਕੱਤਰ ਡਾ. ਵਿਰਸਾ ਸਿੰਘ ਵਲਟੋਹਾ ਦਾ ਦਾਅ ਵੀ ਲੱਗ ਸਕਦਾ ਹੈ। ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਸੀਟ ਵੀ ਖ਼ਾਲੀ ਹੋਣ ਕਿਨਾਰੇ ਹੈ ਕਿਉਂਕਿ ਬੀਬੀ ਜਗੀਰ ਕੌਰ ਦੀ ਬਤੌਰ ਵਿਧਾਇਕਾ, ਪਿਛਲੇ ਪੰਜ ਮਹੀਨਿਆਂ ਤੋਂ ਵਿਧਾਨ ਸਭਾ ਸਕੱਤਰੇਤ ਨੇ ਤਨਖ਼ਾਹ ਨਹੀਂ ਬਣਾਈ। ਉੁਨ੍ਹਾਂ ਨੇ ਬੀਬੀ ਨੂੰ ਤਨਖ਼ਾਹ ਵਾਲਾ ਕੇਸ ਕਾਨੂੰਨੀ ਸਲਾਹ ਵਾਸਤੇ ਐਡਵੋਕੇਟ ਜਨਰਲ ਕੋਲ ਪਿਛਲੇ ਮਹੀਨੇ ਦਾ ਭੇਜਿਆ ਹੈ ਅਤੇ ਉਸ ਕਾਨੂੰਨੀ ਦਫ਼ਤਰ ਨੇ ਅਜੇ ਇਸ ’ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ। ਕਾਨੁੂੰਨਦਾਨਾਂ ਅਤੇ ਸੰਵਿਧਾਨ ਦੇਮਾਹਰਾਂ ਦਾ ਕਹਿਣਾ ਹੈ ਕਿ 19 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਸਬੰਧੀ ਵੋਟ ਪਾਉਣ ਲਈ, ਅਦਾਲਤ ਨੇ, ਬੀਬੀ ਜਗੀਰ ਕੌਰ ਨੁੰ ਇਕ ਦਿਨ ਦੀ ਛੁੱਟੀ ਜੇਲ੍ਹ ਵਿਚੋਂ ਦਿਤੀ ਸੀ ਪਰ ਕਪੂਰਥਲਾ ਜੇਲ੍ਹ ਵਿਚ 5 ਸਾਲ ਦੀ ਸਜ਼ਾ ਤਹਿਤ ਵਿਧਾਇਕਾ ਨੂੰ ਨਾ ਤਾਂ ਜ਼ਮਾਨਤ ਮਿਲੀ ਹੈ ਅਤੇ ਨਾ ਹੀ ਸਜ਼ਾ ਘਟਾਉਣ ਵਾਸਤੇ ਪਾਈ ਅਪੀਲ ’ਤੇ ਹੀ ਅੱਗੇ ਕੋਈ ਗ਼ੌਰ ਹੋਇਆ ਹੈ। ਲੋਕ ਪ੍ਰਤੀਨਿਧ ਐਕਟ 1951 ਤਹਿਤ ਜੇ ਕਿਸੇ ਵਿਧਾਇਕ ਜਾਂ ਐਮ. ਪੀ. ਨੂੰ ਦੋ ਸਾਲ ਜਾਂ ਇਸ ਤੋਂ ਵੱਧ ਸਜ਼ਾ ਹੋ ਜਾਏ ਤਾਂ ਮੈਂਬਰਸ਼ਿਪ ਖ਼ਤਮ ਹੋ ਸਕਦੀ ਹੈ। ਕਾਨੁੂੰਨਦਾਨ ਇਹ ਵੀ ਕਹਿੰਦੇ ਹਨ ਕਿ ਜੇ ਹਾਈ ਕੋਰਟ ਨੇ ਸਜ਼ਾ ਬਰਕਰਾਰ ਰੱਖੀ ਅਤੇ 5 ਸਾਲ ਤੋਂ ਨਾ ਘਟਾਈ ਤਾਂ ਸਰਕਾਰ ਉਸ ਨੂੰ ਦਿਤੀ ਤਨਖ਼ਾਹ ਕਿਥੋਂ ਵਾਪਸ ਲਵੇਗੀ? ਭਾਵੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਿਲ ਦਾ ਭੇਤ ਕਿਸੇ ਨੂੰ ਵੀ ਨਹੀਂ ਦੇਂਦੇ ਪਰ ਅੱਜ ਕਲ ਉੁਨ੍ਹਾਂ ਨੂੰ ਮਿਲਣ ਵਾਲੇ ਅਕਾਲੀ-ਭਾਜਪਾ ਅਤੇ ਹੋਰ ਆਗੂਆਂ ਤੋਂ ਮਿਲੀ ਸੂਹ ਤੋਂ ਸੰਕੇਤ ਮਿਲੇ ਹਨ ਕਿ ਮੁੱਖ ਮੰਤਰੀ ਕੋਲ ਪਹਿਲਾਂ ਹੀ 15 ਮਹਿਕਮੇ ਹਨ ਅਤੇ ਜੇ  ਰਣੀਕੇ ਵਾਲੇ ਪਸ਼ੂ ਪਾਲਣ, ਡੇਅਰੀ ਅਤੇ ਹੋਰ ਵਿਭਾਗ ਵੀ ਉੁਨ੍ਹਾਂ ਨੂੰ ਸਾਂਭਣੇ ਪੈ ਗਏ ਤਾਂ 85 ਸਾਲਾ ਬਜ਼ੁਰਗ ਆਗੂ ’ਤੇ ਹੋਰ ਭਾਰ ਵੱਧ ਜਾਏਗਾ।
ਕਿਉਂਕਿ ਇਹ ਤਿੰਨੋਂ ਸੀਟਾਂ ਅਕਾਲੀ ਦਲ ਦੇ ਖਾਤੇ ’ਚੋਂ ਖ਼ਾਲੀ ਹੋਈਆਂ ਗਿਣੀਆਂ ਜਾਣਗੀਆਂ ਅਤੇ ਭਾਜਪਾ ਨੂੰ ਇਸ ਵਿਚੋਂ ਇਕ ਵੀ ਹਿੱਸਾ ਮਿਲਣ ਦੀ ਆਸ ਨਹੀਂ ਹੈ। ਕੁਲ 12 ਵਿਧਾਇਕਾਂ ਵਿਚੋਂ ਪਹਿਲਾਂ ਹੀ ਭਗਤ ਚੁੰਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਸੁਰਜੀਤ ਕੁਮਾਰ ਜਿਆਣੀ 4 ਮੰਤਰੀ ਹਨ ਅਤੇ 21 ਮੁੱਖ ਪਾਰਲੀਮਾਨੀ ਸਕੱਤਰਾਂ ’ਚੋਂ 6 ਭਾਜਪਾ ਦੇ ਹਨ। ਜ਼ਿਕਰਯੋਗ ਹੈ ਕਿ ਲਗਾਤਾਰ ਦੂਜੀ ਵਾਰ ਹੋਂਦ ਵਿਚ ਆਈ ਅਕਾਲੀ-ਭਾਜਪਾ ਸਰਕਾਰ ਨੂੰ ਪਹਿਲੇ 6 ਮਹੀਨਿਆਂ ਵਿਚ ਹੀ ਉਥਲ-ਪੁਥਲ ਦਾ ਤਜਰਬਾ ਸਹਿਣਾ ਪੈ ਰਿਹਾ ਹੈ। ਪਹਿਲਾਂ ਦੋ ਮੰਤਰੀਆਂ ਦੀ ਛੁੱਟੀ ਹੋਈ, ਇਕ ਮੁੱਖ ਪਾਰਲੀਮਾਨੀ ਸਕੱਤਰ ਅਮਰਜੀਤ ਸਾਹੀ ਦੀ ਮੌਤ ਹੋਈ, ਦਸੂਹਾ ਸੀਟ ’ਤੇ ਜ਼ਿਮਨੀ ਚੋਣ ਕਰਵਾਉਣੀ ਪਈ, ਦੂਜੀ ਉਪ ਚੋਣ, ਭੁਲੱਥ ਸੀਟ ’ਤੇ ਹੋਣ ਨੂੰ ਤਿਆਰ ਹੈ ਅਤੇ ਜੇ ਰਣੀਕੇ ਦੀ ਛੁੱਟੀ ਹੁੰਦੀ ਹੈ ਤਾਂ ਹੋਰ ਸੱਟ ਲੱਗੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.