ਰਾਸ਼ਟਰੀ ਖਬਰਾਂ
 

ਖੰਨਾ ’ਚ ਬੁਆਇਲਰ ਫਟਣ ਨਾਲ 5 ਮੌਤਾਂ

 

ਖੰਨਾ, 12 ਸਤੰਬਰ (ਅਰਵਿੰਦਰ ਸਿੰਘ ਟੀਟੂ) : ਇਥੇ ਫ਼ੋਕਲ ਪੁਆਇੰਟ ਵਿਖੇ ਸੋਲਵੈਂਸ ਪਲਾਂਟ ਵਿਚ ਬੁਆਇਲਰ ਫਟਣ ਕਾਰਨ ਹੋਏ ਗੈਸ ਰਿਸਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ 5 ਮਜ਼ਦੂਰਾਂ ਦੀ ਮੌਤੇ ਗਈ ਜਦਕਿ ਜਦਕਿ 13 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਪੀ.ਜੀ.ਆਈ. ਅਤੇ ਹੋਰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਧਮਾਕਾ ਏਨਾ ਜ਼ਬਰਦਸਤ ਸੀ ਕਿ ਪਲਾਂਟ ਦੇ ਨਜ਼ਦੀਕ ਬਣੇ ਸੰਜੀਵ ਕੁਮਾਰ ਦੇ ਧਰਮ ਕੰਡੇ ’ਤੇ ਮੇਜ਼ ਉਪਰ ਸੁੱਤਾ ਹੋਇਆ ਹਰਵਿੰਦਰ ਸਿੰਘ ਵੀ ਜ਼ਮੀਨ ’ਤੇ ਡਿਗ ਪਿਆ ਜਦਕਿ ਕੰਡਾ ਧਰਤੀ ਤੋਂ ਬਾਹਰ ਨਿਕਲ ਗਿਆ। ਬਾਹਰ ਖੜੇ ਵਾਹਨਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਜਿਥੇ ਪਲਾਂਟ ਦੀ ਛੱਤ ਅਤੇ ਗੱਡੀਆਂ ਸੜ ਕੇ ਸਵਾਹ ਹੋਈਆਂ, ਉਥੇ ਨਾਲ ਹੀ ਨੇੜੇ ਦੀਆਂ 4 ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆਂ। ਰਾਤ ਤੋਂ ਹੀ ਰਾਹਤ ਕੰਮਾਂ ਵਿਚ ਲੱਗੇ ਤਿੰਨ ਨਗਰ ਕੌਂਸਲਾਂ ਦੇ ਫ਼ਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਦੁਪਹਿਰ ਤਕ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਣ ’ਤੇ ਅੱਜ ਸਵੇਰੇ ਲੁਧਿਆਣਾ ਦੇ ਡੀ.ਸੀ. ਸ੍ਰੀ ਰਾਹੁਲ ਤਿਵਾੜੀ, ਡੀ.ਆਈ.ਜੀ. ਐਮ.ਐਫ਼. ਫ਼ਾਰੂਕੀ, ਐਸ.ਐਸ.ਪੀ. ਖੰਨਾ ਰਵਚਰਨ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਅਤੇ ਐਸ.ਡੀ.ਐਮ. ਪ੍ਰਸ਼ੋਤਮ ਸਿੰਘ ਸੋਢੀ ਨੇ ਹੋਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ ’ਤੇ ਜਾਇਜ਼ਾ ਲਿਆ। ਡੀ.ਸੀ. ਰਾਹੁਲ ਤਿਵਾੜੀ ਨੇ ਮ੍ਰਿਤਕਾਂ ਨੂੰ  2-2 ਲੱਖ ਰੁਪਏ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਾਉਣ ਦਾ ਐਲਾਨ ਕੀਤਾ। ਹਾਦਸਾ-ਗ੍ਰਸਤ ਪਲਾਂਟ ਦੇ ਮਾਲਕ ਸੰਜੀਵ ਅਗਰਵਾਲ ਨੇ ਵੀ ਪੀੜਤ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਤਾ। ਧਮਾਕੇ ਕਾਰਨ ਨਿਕਲੀਆਂ ਅੱਗ ਦੀਆਂ ਲਪਟਾਂ ਨੇ ਤਿੰਨ ਮਜ਼ਦੂਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਜਿਨ੍ਹਾਂ ਦੀਆਂ ਬੁਰੀ ਤਰ੍ਹਾਂ ਸੜ ਚੁਕੀਆਂ ਲਾਸ਼ਾਂ ਅੱਜ ਸਵੇਰੇ ਕਢੀਆਂ ਗਈਆਂ। ਇਸ ਤੋਂ ਇਲਾਵਾ 13 ਤੋਂ ਵੱਧ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ ਗਏ ਜਿਨ੍ਹਾਂ ਵਿਚ ਚਾਰ 100 ਫ਼ੀ, ਦੋ 80 ਫ਼ੀ ਸਦੀ, ਇਕ 65 ਫ਼ੀ ਸਦੀ, ਬਾਕੀ 30 ਤੋਂ 40 ਫ਼ੀ ਸਦੀ ਦੇ ਕਰੀਬ ਸੜੇ ਹਨ। ਉਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ। ਉਨ੍ਹਾਂ ਵਿਚੋਂ 12 ਮਜ਼ਦੂਰਾਂ ਨੂੰ ਪੀ.ਜੀ.ਆਈ. ਅਤੇ ਤਿੰਨ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਚੰਡੀਗੜ੍ਹ ਵਿਖੇ ਭੇਜ ਦਿਤਾ ਗਿਆ। ਪੀ.ਜੀ.ਆਈ. ਦਾਖ਼ਲ ਕਰਵਾਏ ਮਜ਼ਦੂਰਾਂ ਵਿਚੋਂ ਇਕ ਪਵਨ ਕੁਮਾਰ ਨੇ ਅੱਜ ਸਵੇਰੇ ਦਮ
ਤੋੜ ਦਿਤਾ ਜਦਕਿ ਮੌਕੇ ’ਤੇ ਮਾਰੇ ਗਏ ਮਜ਼ਦੂਰਾਂ ਦੀ ਪਛਾਣ ਛੋਟੂ ਰਾਮ ਵਾਸੀ ਜ਼ਿਲ੍ਹਾ ਰਾਏਬਰੇਲੀ, ਦਵਿੰਦਰ ਅਤੇ ਭਗੀਰਥ ਦੇ ਰੂਪ ਵਿਚ ਹੋਈ ਹੈ। ਅੱਗ ਨਾਲ ਝੁਲਸੇ ਦੂਜੇ ਮਜ਼ਦੂਰਾਂ ਦੀ ਪਛਾਣ ਕੁੰਦਨ ਪੁਤਰ ਲਖਨਪਾਲ, ਗੁਰਬਚਨ ਸਿੰਘ ਪੁਤਰ ਬਾਵਾ ਸਿੰਘ, ਜਨਾਰਦਨ ਪੁਤਰ ਬਦਰੀ, ਉਮੇਸ਼, ਰਵੀ ਪੁਤਰ ਰਾਜ ਕੁਮਾਰ, ਰਜਿੰਦਰ ਪੁਤਰ ਸੁਭਾਸ਼ ਮੰਡਲ, ਮਨਜੀਤ ਸਿੰਘ ਪੁਤਰ ਭੀਮ ਸਿੰਘ, ਚਮਨਲਾਲ ਪੁਤਰ ਹੰਸਰਾਜ, ਸੋਲੂ ਸਿੰਘ ਪੁਤਰ ਸੱਜਨ ਸਿੰਘ ਸਰੋਤ, ਗੁਰਨੈਬ ਸਿੰਘ ਪੁਤਰ ਦਰਸ਼ਨ ਸਿੰਘ, ਕੰਚਨ, ਮਨੋਹਰ ਪੁਤਰ ਨਿਤਾਲੀ ਪ੍ਰਸ਼ਾਦ, ਗੋਬਿੰਦ ਪੁਤਰ ਭਾਗੀਰਥ, ਮੁਹੰਮਦ ਅਕਰਮ ਵਜੋਂ ਹੋਈ ਹੈ। ਪੂਰੀ ਰਾਤ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਖੰਨਾ ਦੇ ਫ਼ਾਇਰ ਅਫ਼ਸਰ ਯਸ਼ਪਾਲ ਗੋਮੀ ਦੀ ਅਗਵਾਈ ਹੇਠ ਮੰਡੀ ਗੋਬਿੰਦਗੜ੍ਹ  ਅਤੇ ਰਾਜਪੁਰਾ ਨਗਰ ਕੌਂਸਲਰਾਂ ਦੀ ਫ਼ਾਈਰ ਗੱਡੀਆਂ ਮੰਗਵਾਈਆਂ ਗਈਆਂ ਅਤੇ ਪਾਣੀ ਦੇ ਤਕਰੀਬਨ 60 ਟੈਂਕਰਾਂ ਦੀ ਖਪਤ ਨਾਲ ਅੱਜ ਦੁਪਹਿਰ ਤਕ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਬੁਆਇਲਰ ਦੇ ਨਾਲ ਹੀ ਬਣੇ ਪਾਣੀ ਦੇ ਕੁੰਡ ਨੂੰ ਖੰਗਾਲਿਆ ਜਾ ਰਿਹਾ ਹੈ ਕਿਉਂਕਿ ਅੱਗ ਤੋਂ ਬਚਣ ਲਈ ਕੁੱਝ ਮਜ਼ਦੂਰਾਂ ਵਲੋਂ ਇਸ ਵਿਚ ਛਾਲਾਂ ਮਾਰਨ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਭਿਆਨਕ ਅਗਨੀ ਕਾਂਡ ਨਾਲ ਪਲਾਂਟ ਦੀ ਛੱਤ ਪੂਰੀ ਤਰ੍ਹਾਂ ਉ¤ਡ ਗਈ ਅਤੇ ਦੋ ਗੱਡੀਆਂ ਅਤੇ ਮਸ਼ਿਨਰੀ ਜਲ ਕੇ ਸਵਾਹ ਹੋ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਹਾਦਸੇ ਸਮੇਂ 18 ਮਜ਼ਦੂਰਾਂ ਦੇ ਅੰਦਰ ਹੋਣ ਦਾ ਅਨੁਮਾਨ ਹੈ ਪਰ ਆਲੇ-ਦੁਆਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਲਗਭਗ ਤਿੰਨ ਗੁਣਾ ਹੋ ਸਕਦੀ ਹੈ। ਮਾਲਕ ਸੰਜੀਵ ਅਗਰਵਾਲ ਨੇ ਕਿਹਾ ਕਿ ਮੇਰਾ ਚਾਹੇ ਜਿੰਨਾ ਵੀ ਨੁਕਸਾਨ ਹੋਇਆ ਹੈ, ਹਾਦਸੇ ਦਾ ਕਾਰਨ ਜੋ ਮਰਜ਼ੀ ਹੋਵੇ ਪਰ ਮਾਨਵਤਾ ਦੇ ਨਾਤੇ ਉਹ ਮ੍ਰਿਤਕਾਂ ’ਤੇ ਨਿਰਭਰ ਅਤੇ ਝੁਲਸੇ ਹੋਏ ਮਜ਼ਦੂਰਾਂ ਦੀ ਹਰ ਸੰਭਵ ਮਦਦ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਤਲਵੰਡੀ ਦੀਆਂ ਕੋਸ਼ਿਸ਼ਾਂ ਸਦਕਾ ਜ਼ਖ਼ਮੀਆਂ ਦੇ ਪਰਵਾਰਾਂ ਨੂੰ 50-50 ਹਜ਼ਾਰ ਸਰਕਾਰੀ ਸਹਾਇਤਾ ਦੇਣ ਦੀ ਸਿਫ਼ਾਰਸ਼ ਕੀਤੀ ਗਈ। ਐਸ.ਡੀ.ਐਮ. ਖੰਨਾ ਸ. ਪੁਰਸ਼ੋਤਮ ਸਿੰਘ ਸੋਢੀ ਨੇ ਵੀ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦੀ ਸਿਫ਼ਾਰਸ਼ ਕੀਤੀ ਜੋ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਦੀ ਦੇਖ-ਰੇਖ ਵਿਚ ਚਲ ਰਿਹਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.