ਨਵੀਂ ਦਿੱਲੀ, 11 ਸਤੰਬਰ : ਕੋਲੇ ਦੇ ਬਲਾਕਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੀ ਬਿਜਲੀ ਹੁਣ ਯੂ. ਪੀ. ਏ. ਦੇ ਦੋ ਕੇਂਦਰੀ ਮੰਤਰੀਆਂ ਸੈਰ-ਸਪਾਟਾ ਮੰਤਰੀ ਸੁਬੋਧ ਕਾਂਤ ਸਹਾਏ ਅਤੇ ਕੋਲਾ ਮੰਤਰੀ ਸ੍ਰੀਪ੍ਰਕਾਸ਼ ਜੈਸਵਾਲ ’ਤੇ ਡਿੱਗ ਸਕਦੀ ਹੈ। ਕੋਲਾ ਘਪਲੇ ਵਿਚ ਚਾਰੋ ਪਾਸਿਆਂ ਤੋਂ ਘਿਰੀ ਕਾਂਗਰਸ ਹੁਣ ਇਸ ਮੁੱਦੇ ’ਤੇ ਛੇਤੀ ਹੀ ਕੋਈ ਸਖ਼ਤ ਕਾਰਵਾਈ ਕਰਨ ਬਾਰੇ ਸੋਚ-ਵਿਚਾਰ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਮੰਤਰੀਆਂ ਦੀ ਕੇਂਦਰੀ ਮੰਤਰੀ ਮੰਡਲ ਵਿਚੋਂ ਛੇਤੀ ਹੀ ਛੁੱਟੀ ਹੋ ਜਾਵੇਗੀ। ਹਾਲਾਂਕਿ ਕਾਂਗਰਸ ਹਾਈ ਕਮਾਨ ਕੋਲੇ ਦੇ ਬਲਾਕਾਂ ਦੀ ਵੰਡ ਵਿਚ ਹੋਏ ਘਪਲੇ ਦੀ ਗੱਲ ਤੋਂ ਇਨਕਾਰ ਕਰਦੀ ਆ ਰਹੀ ਹੈ ਪਰ ਵਿਵਾਦ ਨੂੰ ਵਧਦਾ ਵੇਖ ਕੇ ਕਾਂਗਰਸੀ ਲੀਡਰਸ਼ਿਪ ਨੁੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਇਨ੍ਹਾਂ ਦੋਹਾਂ ਮੰਤਰੀਆਂ ਨੂੰ ਜ਼ਿਆਦਾ ਦਿਨਾਂ ਤਕ ਅਹੁਦੇ ’ਤੇ ਬਿਰਾਜਮਾਨ ਰਖਣਾ ਸੰਭਵ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਲ-ਗੇਟ ਵਿਵਾਦ ਵਿਚ ਫਸ ਚੁੱਕੇ ਕਾਂਗਰਸੀ ਆਗੂਆਂ ਜਿਵੇਂ ਵਿਜੇ ਦਰੜਾ, ਨਵੀਨ ਜਿੰਦਲ, ਸਾਬਕਾ ਕੋਲਾ ਰਾਜ ਮੰਤਰੀ ਸੰਤੋਸ਼ ਬਾਗਰੋਡੀਆ ਵਿਰੁਧ ਵੀ ਕਾਰਵਾਈ ਹੋ ਸਕਦੀ ਹੈ। ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਜ਼ੋਰਾਂ-ਸ਼ੋਰਾਂ ’ਤੇ ਹੈ ਕਿ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਦੇਸ਼ ਪਰਤਣ ਤੋਂ ਬਾਅਦ ਪਾਰਟੀ ਅਤੇ ਸਰਕਾਰ ਵਿਚ ਅਗਲੇ ਮਹੀਨੇ ਤਕ ਵੱਡੇ ਬਦਲਾਅ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਐਸ. ਕੇ. ਐਸ. ਇਸਪਾਤ ਐਂਡ ਪਾਵਰ ਨੂੰ ਕੋਲੇ ਦੇ ਬਲਾਕ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਚਿੱਠੀ ਦੇ ਮਿਲਣ ਤੋਂ ਅਗਲੇ ਹੀ ਦਿਨ ਪੀ. ਐੈਮ. ਓ. ਦੀ ਸਿਫ਼ਾਰਸ਼ ’ਤੇ ਕੰਪਨੀ ਨੂੰ ਕੋਲੇ ਦੇ ਦੋ ਬਲਾਕਾਂ ਦੀ ਵੰਡ ਕਰ ਦਿਤੀ ਗਈ ਸੀ। ਐਸ. ਕੇ. ਐਸ. ਇਸਪਾਤ ਵਿਚ ਸੁਬੋਧ ਕਾਂਤ ਸਹਾਏ ਦੇ ਭਰਾ ਸੁਧੀਰ ਕਾਂਤ ਸਹਾਏ ਡਾਇਰੈਕਟਰ ਹਨ। ਸਹਾਏ ਅਤੇ ਜੈਸਵਾਲ ਤੋਂ ਇਲਾਵਾ ਜਿਹੜੇ ਕਾਂਗਰਸੀ ਆਗੂਆਂ ਉਤੇ ਕੋਲਾ ਘਪਲੇ ਦੀ ਬਿਜਲੀ ਡਿਗ ਸਕਦੀ ਹੈ ਉੁਨ੍ਹਾਂ ਵਿਚ ਸੀ. ਬੀ. ਆਈ. ਦੀ ਐਫ਼. ਆਈ. ਆਰ. ਵਿਚ ਨਾਂ ਆਉਣ ਵਾਲੇ ਰਾਜ ਸਭਾ ਦੇ ਸੰਸਦ ਮੈਂਬਰ ਵਿਜੇ ਦਰੜਾ ਸ਼ਾਮਲ ਹਨ। ਹਾਲਾਂਕਿ ਦਰੜਾ ਵਿਰੁਧ ਸੀ. ਬੀ. ਆਈ. ਨੇ ਪ੍ਰੀਵੈਨਸ਼ਨ ਆਫ਼ ਕਰੱਪਸ਼ਨ ਐਕਟ ਤਹਿਤ ਕੋਈ ਮਾਮਲਾ ਦਰਜ ਨਹੀਂ ਕੀਤਾ। ਦਰੜਾ ਦਾ ਨਾਂ ਕੋਲ-ਗੇਟ ਵਿਚ ਫਸੀ ਜੇ. ਐਲ. ਡੀ. ਐਨਰਜੀ ਨਾਲ ਜੁੜਿਆ ਹੈ ਜਿਸ ਵਿਚ ਮਨੋਜ ਜੈਸਵਾਲ ਨੂੰ ਫ਼ਾਇਦਾ ਪਹੁੰਚਾਉਣ ਦੀ ਗੱਲ ਹੈ। ਉਥੇ ਜਿੰਦਲ ਪਾਵਰ ਲਿਮਟਿਡ ਨੂੰ ਕੋਲੇ ਦੀ ਵੰਡ ਨਾਲ ਸੱਭ ਤੋਂ ਵੱਧ ਫ਼ਾਇਦਾ ਹੋਣ ’ਤੇ ਘਿਰੇ ਕਾਂਗਰਸੀ ਆਗੂ ਨਵੀਨ ਜਿੰਦਲ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਤਾਂ ਹਨ ਹੀ, ਟੀ. ਓ. ਆਈ. ਨੂੰ ਮਿਲੀ ਰੀਪੋਰਟ ਅਨੁਸਾਰ ਜਿੰਦਲ ਕਾਂਗਰਸੀ ਲੀਡਰਸ਼ਿਪ ਦੇ ਸਵਾਲਾਂ ਨਾਲ ਵੀ ਘਿਰ ਗਏ ਹਨ। ਜਿੰਦਲ ਦੀ ਕੰਪਨੀ ਨੂੰ ਸਸਤਾ ਕੋਲਾ ਦਿਤਾ ਗਿਆ ਪਰ ਇਸ ਦੇ ਬਦਲੇ ਕੰਪਨੀ ਨੇ ਖਪਤਕਾਰਾਂ ਨੂੰ ਸਸਤੀ ਬਿਜਲੀ ਨਹੀਂ ਦਿਤੀ। ਇਸ ’ਤੇ ਕਾਂਗਰਸ ਉੁਨ੍ਹਾਂ ਤੋਂ ਜਵਾਬ ਮੰਗ ਸਕਦੀ ਹੈ। (ਏਜੰਸੀ)