ਚੰਡੀਗੜ੍ਹ, 10 ਸਤੰਬਰ (ਜੀ. ਸੀ. ਭਾਰਦਵਾਜ): ਭਾਜਪਾ ਸਣੇ ਦੇਸ਼ ਦੀਆਂ ਪ੍ਰਮੁੱਖ ਵਿਰੋਧੀ ਧਿਰਾਂ ਵਲੋਂ ਸੰਸਦ ਦੀ ਕਾਰਵਾਈ ਨੂੰ ਠੱਪ ਕਰਵਾਉਣ ਤੋਂ ਦੁਖੀ, ਸੱਤਾਧਾਰੀ ਕਾਂਗਰਸ ਦੇ ਦੋ ਕੇਂਦਰੀ ਆਗੂਆਂ ਰਾਜੀਵ ਸ਼ੁਕਲਾ ਅਤੇ ਗੁਲਚੈਨ ਸਿੰਘ ਚੜਕ ਨੇ ਅੱਜ ਇਥੇ ਕਾਂਗਰਸ ਭਵਨ ਵਿਚ ਪ੍ਰੈ¤ਸ ਕਾਨਫ਼ਰੰਸ ਕਰ ਕੇ ਕੋਲਾ ਕੰਪਨੀਆਂ ਸਬੰਧੀ ਕਥਿਤ ਘਪਲੇ ਬਾਰੇ ਸਫ਼ਾਈ ਪੇਸ਼ ਕਰਦਿਆਂ ਭਾਜਪਾ ਦੇ ਕਿਰਦਾਰ ਦੀ ਨਿੰਦਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਘਪਲੇ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜ਼ਿੰਮੇਵਾਰ ਨਹੀਂ ਹਨ, ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮੰਗਣਾ ਬਿਲਕੁਲ ਗ਼ਲਤ ਹੈ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਤੇ ਇਕ ਸਮੇਂ ਪੱਤਰਕਾਰ ਰਹੇ ਰਾਜੀਵ ਸ਼ੁਕਲਾ ਦਾ ਕਹਿਣਾ ਸੀ ਕਿ ਭਾਜਪਾ ਲੋਕ ਸਭਾ ਵਿਚ ਇਸ ਮੁੱਦੇ ’ਤੇ ਬਹਿਸ ਕਰਵਾਉਣ ਤੋਂ ਦੌੜ ਗਈ ਹੈ ਕਿਉਂਕਿ ਉਸ ਦੇ ਅਪਣੇ 3 ਮੁੱਖ ਮੰਤਰੀ ਅਤੇ 2 ਸਾਬਕਾ ਵਜ਼ੀਰ ਇਸ ਕਥਿਤ ਘਪਲੇ ਵਿਚ ਫਸ ਜਾਣੇ ਸਨ। ਪੱਤਰਕਾਰਾਂ ਵਲੋਂ ਪੁੱਛੇ ਅਨੇਕਾਂ ਸਵਾਲਾਂ ਦਾ ਜਵਾਬ ਦੇਂਦਿਆਂ ਰਾਜੀਵ ਸ਼ੁਕਲਾ ਨੇ ਕਿਹਾ ਕਿ ਭਾਜਪਾ ਵਲੋਂ ਸੰਸਦ ਦੀ ਕਾਰਵਾਈ ਠੱਪ ਕਰਨਾ ਗ਼ਲਤ ਸੀ ਕਿਉਂਕਿ ਲੋਕ ਸਭਾ ਅਤੇ ਰਾਜ ਸਭਾ ਵਿਚ ਅਹਿਮ ਮੁੱਦਿਆਂ ’ਤੇ ਚਰਚਾ ਹੋਣੀ ਲਾਜ਼ਮੀ ਹੈ। ਸ਼ੁਕਲਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੇ ਨੇਤਾ, ਸਾਰੇ ਮੁਲਕ ਵਿਚ ਜਾ ਕੇ ਭਾਜਪਾ ਦੇ ਨਿਭਾਏ ਰੋਲ ਦਾ ਪਰਦਾ ਫ਼ਾਸ਼ ਕਰਨਗੇ ਅਤੇ ਲੋਕਾਂ ਵਿਚ ਜਾ ਕੇ ਸਪੱਸ਼ਟ ਤਸਵੀਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਨਹੀਂ ਹੋਣਗੀਆਂ ਅਤੇ ਯੂ. ਪੀ. ਏ.-ਦੋ ਸਰਕਾਰ ਅਪਣਾ ਕਾਰਜਕਾਲ ਪੂਰਾ ਕਰੇਗੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਲਚੈਨ ਸਿੰਘ ਚੜ੍ਹਕ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਸਾਡੇ ਕਾਂਗਰਸੀ ਢਾਂਚੇ ਵਿਚ ਫਿੱਟ ਨਹੀਂ ਹੋ ਸਕਦਾ। ਕਾਂਗਰਸ ਪਾਰਟੀ ਵਿਚ ਆਉਣ ਵਾਲੇ ਕਿਸੇ ਵੀ ਨੇਤਾ ਨੂੰ ਪਹਿਲਾਂ ਸਾਡੀ ਪਾਰਟੀ ਦੇ ਸਿਧਾਂਤਾਂ ਅਤੇ ਦਿਸ਼ਾ-ਨਿਰਦੇਸ਼ਾਂ ’ਤੇ ਚਲਣਾ ਪਵੇਗਾ। ਉੁਨ੍ਹਾਂ ਸਪਸ਼ਟ ਕਿਹਾ ਕਿ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਜਾਂ ਰਖਣਾ, ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਹੱਥ ਵਿਚ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਪਿਛਲੇ ਦਿਨੀਂ ਪੀ. ਪੀ. ਪੀ., ਖੱਬੇ ਪੱਖੀਆਂ, ਲੌਂਗੋਵਾਲ ਦਲ ਯਾਨੀ ਸਾਂਝੇ ਮੋਰਚੇ ਅਤੇ ਬਸਪਾ ਨੂੰ ਮਹਿੰਗਾਈ ਅਤੇ ਟੈਕਸਾਂ ਵਿਰੁਧ ਧਰਨੇ ’ਤੇ ਆਉਣ ਲਈ ਸੱਦਾ ਦੇਣ ਦਾ ਮਤਲਬ ਇਹ ਨਹੀਂ ਸੀ ਕਿ ਕਾਂਗਰਸ, ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿਚ ਲਿਆਉਣਾ ਚਾਹੁੰਦੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਬੀਬੀ ਰਾਜਿੰਦਰ ਕੌਰ ਭੱਠਲ ਨੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਕੁੱਝ ਦਿਨ ਪਹਿਲਾਂ ਇਹ ਕਹਿ ਕੇ ਆਲੋਚਨਾ ਕੀਤੀ ਸੀ ਕਿ ਜਿਹੜਾ ਰਲੇਵੇਂ ਦਾ ਇਹ ਸੱਦਾ ਹੁਣ ਦਿਤਾ ਗਿਆ ਹੈ, ਜੇ ਇਹ ਚੋਣਾਂ ਤੋਂ ਪਹਿਲਾਂ ਦਿਤਾ ਗਿਆ ਹੁੰਦਾ ਤਾਂ ਅੱਜ ਅਸੈਂਬਲੀ ਵਿਚ ਤਸਵੀਰ ਕੁੱਝ ਹੋਰ ਹੀ ਹੋਣੀ ਸੀ। ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ. ਲਾਲ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਚੌ. ਸੁਨੀਲ ਜਾਖੜ, ਚੌ. ਜਗਜੀਤ ਸਿੰਘ, ਰਾਣਾ ਕੇ. ਪੀ., ਅਸ਼ਵਨੀ ਸੇਖੜੀ, ਕੇਵਲ ਸਿੰਘ ਢਿੱਲੋਂ ਅਤੇ ਹੋਰ ਵੀ ਹਾਜ਼ਰ ਸਨ ਜਦਕਿ ਬੀਬੀ ਰਾਜਿੰਦਰ ਕੌਰ ਭੱਠਲ ਗ਼ੈਰ ਹਾਜ਼ਰ ਸਨ।