ਸ੍ਰੀਹਰੀਕੋਟਾ, 9 ਸਤੰਬਰ : ਭਾਰਤੀ ਪੁਲਾੜ ਮਿਸ਼ਨ ਨੇ ਅੱਜ ਨਵਾਂ ਇਤਿਹਾਸ ਰਚਦਿਆਂ ਅਪਣੇ 100 ਮਿਸ਼ਨ ਪੂਰੇ ਕਰ ਲਏ। ਅੱਜ ਇਥੇ 100ਵੇਂ ਭਾਰਤੀ ਪੁਲਾੜ ਮਿਸ਼ਨ ਬਾਰੇ ਮਿਸ਼ਨ ਕੰਟਰੋਲ ਕੇਂਦਰ ਵਿਖੇ ਵਧਾਈ ਦੇਣ ਪੁੱਜੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪੁਲਾੜ ਮਿਸ਼ਨ ਦੀ ਸ਼ਾਨਦਾਰ ਸਫ਼ਲਤਾ ਸਾਡੀ ਸਮਰੱਥਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ ਦੇ ਖੇਤਰ ਵਿਚ ਦੇਸ਼ ਨੂੰ ਅਪਣੇ ਵਿਗਿਆਨੀਆਂ ’ਤੇ ਮਾਣ ਹੈ। ਪੀ.ਐਸ.ਐਲ.ਵੀ. ਸੀ-21 ਨੂੰ ਪੁਲਾੜ ਵਿਚ ਜਾਂਦਿਆਂ ਵੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਇਸ ਉਡਾਣ ਨਾਲ ਦੇਸ਼ ਦੀ ਪੁਲਾੜ ਸਬੰਧੀ ਸਮਰੱਥਾ ਦੇ ਖੇਤਰ ਵਿਚ ਇਕ ਹੋਰ ਨਵਾਂ ਮੀਲ ਪੱਥਰ ਕਾਇਮ ਹੋ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤੀ ਪੁਲਾੜ ਸਨਅਤ ਦੀ ਬਦੌਲਤ ਅੱਜ ਦੇਸ਼ ਨਵੀਆਂ ਅਤੇ ਤਕਨੀਕੀ ਖੇਤਰ ਦੀਆਂ ਪ੍ਰਾਪਤੀਆਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਫ਼ਰਾਂਸ ਅਤੇ ਜਾਪਾਨ ਨੂੰ ਵਧਾਈ ਦਿਤੀ ਜਿਨ੍ਹਾਂ ਦੇ ਦੋ ਉਪਗ੍ਰਹਿ ਲੈ ਕੇ ਭਾਰਤ ਦਾ ਇਹ ਪੁਲਾੜ ਵਾਹਨ ਸਫ਼ਲਤਾ ਨਾਲ ਉਡਾਣ ਭਰ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅਪਣੇ ਪੁਲਾੜ ਵਿਗਿਆਨੀਆਂ ’ਤੇ ਮਾਣ ਹੈ ਜਿਨ੍ਹਾਂ ਨੇ ਸੰਸਾਰ ਪਧਰੀ ਯੰਤਰ ਬਣਾਉਣ ਅਤੇ ਅਤਿ ਆਧੁਨਿਕ ਤਕਨੀਕਾਂ ਵਿਕਸਤ ਕਰਨ ਲਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਕੇ ਉਨ੍ਹਾਂ ’ਤੇ ਜਿੱਤ ਹਾਸਲ ਕਰ ਲਈ ਹੈ। ਭਾਰਤ ਇਸ ਸਾਲ ਅਪਣੇ ਪੁਲਾੜ ਪ੍ਰੋਗਰਾਮ ਦੇ 50 ਵਰ੍ਹੇ ਪੂਰੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਅਕਸਰ ਲੋਕ ਪੁਛਦੇ ਹਨ ਕਿ ਕੀ ਭਾਰਤ ਵਰਗਾ ਗ਼ਰੀਬ ਦੇਸ਼ ਪੁਲਾੜ ਪ੍ਰੋਗਰਾਮ ਦਾ ਖ਼ਰਚਾ ਬਰਦਾਸ਼ਤ ਕਰ ਸਕਦਾ ਹੈ ਅਤੇ ਕੀ ਪੁਲਾੜ ਮੁਹਿੰਮ ’ਤੇ ਖ਼ਰਚ ਹੋ ਰਹੀ ਰਕਮ ਨੂੰ ਕਿਤੇ ਹੋਰ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। (ਬਾਕੀ ਸਫ਼ਾ 11 ’ਤੇ)
ਉਨ੍ਹਾਂ ਕਿਹਾ ਕਿ ਇਥੇ ਇਹ ਕਹਿਣਾ ਠੀਕ ਹੋਵੇਗਾ ਕਿ ਦੇਸ਼ ਦਾ ਵਿਕਾਸ ਆਖਰਕਾਰ ਉਸ ਦੀ ਤਕਨੀਕ ’ਤੇ ਆਧਾਰਤ ਪ੍ਰਾਪਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਿਆਂ ਦੇ ਮਨ ਵਿਚ ਵੀ ਇਹ ਭਰਮ ਸੀ ਪਰ ਉਹ ਅਪਣੀ ਕਲਪਨਾ ਨੂੰ ਸਚਾਈ ਵਿਚ ਬਦਲਦੇ ਰਹੇ। ਜਦੋਂ ਅਸੀਂ ਵੱਖ-ਵੱਖ ਖੇਤਰਾਂ ’ਚ ਮਿਲੇ ਸਮਾਜਕ ਅਤੇ ਰਾਸ਼ਟਰੀ ਫ਼ਾਇਦਿਆਂ ਨੂੰ ਦੇਖਦੇ ਹਾਂ ਇਸ ਗੱਲ ’ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪੁਲਾੜ ਪ੍ਰੋਗਰਾਮ ਨੂੰ ਸ਼ੁਰੂ ਕਰਨ ਵਾਲੇ ਅਪਣੀ ਥਾਂ ’ਤੇ ਠੀਕ ਸਨ।
ਇਸਰੋ ਦੇ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪੁਲਾੜ ਦੇ ਅਣਸੁਲਝੇ ਤੱਥਾਂ ਨੂੰ ਸੁਲਝਾਉਣ ਲਈ ਅਪਣੀ ਦਿਲਚਸਪੀ ਕਾਰਨ ਹਮੇਸ਼ਾ ਹੀ ਦੇਸ਼ ਲਈ ਪ੍ਰੇਰਨਾ ਦਾ ਇਕ ਸਰੋਤ ਰਹੇ ਹਨ। ਦੇਸ਼ ਦੇ 100ਵੇਂ ਮਿਸ਼ਨ ਤੋਂ ਬੇਹੱਦ ਖ਼ੁਸ਼ ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਵਧੀਆ ਕੰਮ ਕਰਦੇ ਹੋਏ ਵਿਗਿਆਨ ਅਤੇ ਤਕਨੀਕ ਦੀਆਂ ਹੱਦਾਂ ਦਾ ਵਿਸਥਾਰ ਕਰੋ ਅਤੇ ਸਮਾਜ ਨੂੰ ਇਸ ਦਾ ਫ਼ਾਇਦਾ ਦਿਉ ਤਾਕਿ ਸਾਡੇ ਮਹਾਨ ਦੇਸ਼ ਦੇ ਸਮਾਜਕ ਅਤੇ ਆਰਥਕ ਵਿਕਾਸ ਨੂੰ ਰਫ਼ਤਾਰ ਮਿਲ ਸਕੇ। (ਪੀ.ਟੀ.ਆਈ.)