ਗੁਹਲਾ ਚੀਕਾ, 9 ਸਤੰਬਰ (ਗੁਰਨਾਮ ਸਿੰਘ ਹਾਂਡਾ) : ਵਿਧਿਕ ਸੇਵਾ ਪ੍ਰਾਧਿਕਰਨ ਗੁਹਲਾ ਦੇ ਪ੍ਰਧਾਨ ਅਤੇ ਵਧੀਕ ਸਿਵਲ ਜੱਜ ਸ੍ਰੀ ਮਤੀ ਰੇਨੂ ਰਾਣਾ ਗੁਹਲਾ ਦੇ ਨਿਰਦੇਸ਼ਾ ਅਨੁਸਾਰ ਪਿੰਡ ਸੁਲਤਾਨੀਆਂ ਵਿਚ ਐਤਵਾਰ ਨੂੰ ਪੇਂਡੂ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਨੇੜੇ ਤੇੜੇ ਦੇ ਪਿੰਡਾਂ ਦੇ ਸਿਵਲ ਅਤੇ ਅਪਰਾਧਿਕ ਮਾਮਲਿਆਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿਚ ਇਕ ਸਿਵਲ ਮਾਮਲੇ ’ਤੇ ਅੰਸ਼ਕ ਰੂਪ ਵਿਚ ਸਹਿਮਤੀ ਹੋਈ, ਜਿਸ ਸਥਾਈ ਲੋਕ ਅਦਾਲਤ ਵਿਚ ਹੱਲ ਦੇ ਲਈ ਰਖਿਆ ਜਾਵੇਗਾ ਅਤੇ 30 ਕੇਸ ਮੁਟੇਸ਼ਨ ਦੇ ਹੱਲ ਕੀਤੇ ਗਏ। ਲੋਕ ਅਦਾਲਤ ਨੂੰ ਸੰਬੋਧਨ ਕਰਦੇ ਹੋਏ ਪ੍ਰਾਧਿਕਰਨ ਦੇ ਮੈਂਬਰ ਜੀਵਨ ਸਿੰਘ ਨੈਨ ਨੇ ਕਿਹਾ ਕਿ ਲੋਕ ਅਦਾਲਤ ਲਗਾਉਣ ਦਾ ਮੁੱਖ ਉਦੇਸ਼ ਆਪਸੀ ਝਗੜੇ ਨੂੰ ਖ਼ਤਮ ਕਰ ਲੋਕਾਂ ਵਿਚ ਭਾਈਚਾਰੇ ਨੂੰ ਬਣਾਈ ਰਖਣਾ ਹੈ। ਅਦਾਲਤਾਂ ਦੇ ਚੱਕਰ ਕੱਟਣ ਤੋਂ ਵੀ ਛੁਟਕਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਪ ਮੰਡਲ ਗੁਹਲਾ ਦੇ ਲੋਕਾਂ ਨੂੰ ਕਾਨੂੰਨੀ ਤੌਰ ’ਤੇ ਜਾਗਰੂਕ ਕਰਨ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਅਗੌਧ, ਕਾਂਗਥਲੀ, ਪੀਡਲ, ਭਾਗਲ ਅਤੇ ਖ਼ਰੌਦੀ ਸਹਿਤ ਪੰਜ ਪਿੰਡਾਂ ਵਿਚ ਲਿਗਲ ਐਡ ਕਲੀਨਿਕ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਵਿਚ ਹਰ ਐਤਵਾਰ ਨੂੰ ਮੁਫ਼ਤ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਨਾਇਬ ਤਹਿਸੀਲ ਦਾਰ ਨਵਦੀਪ ਸਿੰਘ ਨੈਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਜੇਕਰ ਕੋਈ ਸਮੱਸਿਆ ਹੈ ਤਾਂ ਬੇਝਿਜਕ ਪ੍ਰਸ਼ਾਸਨ ਦੇ ਨੋਟਿਸ ’ਚ ਲਿਆਉਣ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੌਦੇ ਲਗਾਏ।