ਨਵੀਂ ਦਿੱਲੀ, 8 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਅੱਜ ਸ਼ਾਮਲ ਹੋਈਆਂ ਚੰਦਰ ਵਿਹਾਰ, ਨਿਹਾਲ ਵਿਹਾਰ ਤੇ ਵਿਸ਼ਨੂੰ ਗਾਰਡਨ ਇਲਾਕੇ ਦੀਆਂ ਬੀਬੀਆਂ ਦਾ ਸੁਆਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਥ ਪ੍ਰਸਤ ਨੀਤੀਆਂ ਕਰ ਕੇ ਪਿਛਲੇ ਸਮੇਂ ਦੌਰਾਨ ਹਜ਼ਾਰਾਂ ਦੀ ਤਾਦਾਦ ਵਿਚ ਨੌਜੁਆਨ ਤੇ ਬੀਬੀਆਂ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਭਰ ਦੇ ਸਿੱਖਾਂ ਦੇ ਨਾਲ ਦਿੱਲੀ ਦੀ ਸੰਗਤ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਪੰਥਕ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਰਹਾਂਗੇ।
ਬੀਬੀ ਜਸਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਹਰਚਰਨ ਕੌਰ, ਸ.ਤਜਿੰਦਰ ਸਿੰਘ ਸੋਢੀ ਤੇ ਸ.ਜਸਵੰਤ ਸਿੰਘ ਦੀ ਅਗਵਾਈ ਵਿਚ ਇਸਤਰੀ ਅਕਾਲੀ ਦਲ ਵਿਚ ਸ਼ਾਮਲ ਹੋਈਆਂ ਬੀਬੀਆਂ ਨੂੰ ਸ. ਸਰਨਾ ਨੇ ਸਿਰੋਪਾਉ ਦੇ ਕੇ ਨਿਵਾਜਿਆ। ਇਸ ਮੌਕੇ ਸ਼੍ਰੋਮਣੀ ਯੂਥ ਅਕਾਲੀ ਦਲ ਆਲ ਇੰਡੀਆ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਰਾਜਾ ਨੇ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਨੂੰ ਹੁਲਾਰਾ ਦੇਣ ਲਈ ਸ.ਸਰਨਾ ਦੇ ਯਤਨਾਂ ਨੂੰ ਸ਼ਲਾਘਾਯੋਗ ਦਸਿਆ ਤੇ ਬੀਬੀਆਂ ਤੇ ਨੌਜਵਾਨਾਂ ਨੂੰ ਘਰੋਂ-ਘਰੀਂ ਅਕਾਲੀ ਦਲ ਦਿੱਲੀ ਦੀਆਂ ਨੀਤੀਆਂ ਪਹੁੰਚਾਉਣ ਤੇ ਸਿੱਖੀ ਸਿਧਾਂਤਾਂ ਬਾਰੇ ਸੰਗਤ ਨੂੰ ਜਾਗਰੂਕ ਕਰਨ ਦਾ ਸੱਦਾ ਦਿਤਾ। ਵੱਡੀ ਗਿਣਤੀ ‘ਚ ਯੂਥ ਵਿੰਗ ਦੇ ਅਹੁਦੇਦਾਰ ਤੇ ਦਿੱਲੀ ਕਮੇਟੀ ਮੈਂਬਰ ਇਸ ਮੌਕੇ ਹਾਜ਼ਰ ਸਨ। ਇਸ ਦੌਰਾਨ ਸ.ਸਰਨਾ ਨੇ ਕਿਹਾ ਕਿ ਛੇਤੀ ਹੀ ਗੁਰਦਵਾਰਾ ਰਕਾਬ ਗੰਜ ਸਾਹਿਬ ਤੇ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਸੁੰਦਰੀਕਰਨ ਪ੍ਰਾਜੈਕਟਾਂ ਦੇ ਕਾਰਜ ਚਾਲੂ ਹੋ ਜਾਣਗੇ ਜਿਸ ਨਾਲ ਵਿਰੋਧੀਆਂ ਦੇ ਮੂੰਹ ਅਪਣੇ ਆਪ ਬੰਦ ਹੋ ਜਾਣਗੇ। ਉਨ੍ਹਾਂ ਬੀਬੀਆਂ ਨੂੰ ਸਿੱਖੀ ਪ੍ਰਚਾਰ ਲਈ ਲਾਮਬੰਦ ਹੋਣ ਦਾ ਸੱਦਾ ਦਿਤਾ।