ਚੰਡੀਗੜ੍ਹ, 8 ਸਤੰਬਰ (ਆਰ.ਐਸ. ਲਿਬਰੇਟ) : ਚੋਣ ਜ਼ਾਬਤੇ ਤੋਂ ਲੈ ਕੇ ਅੱਜ ਤਕ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ 18 ਦਿਨਾਂ ਵਿਚ ਲੋਕ ਰਾਏ ਮੁਤਾਬਕ ਭਾਜਪਾ ਬਿਖਰੀ, ਬਸਪਾ ਨਿਸਰੀ ਅਤੇ ਕਾਂਗਰਸ ਨਿੱਤਰੀ ਜਾਪ ਰਹੀ ਹੈ। ਜਦੋਂ ਕਿ ਚੋਣ ਪ੍ਰਚਾਰ ਦੇ ਮੁੱਢਲੇ ਦਿਨਾਂ ਵਿਚ ਕਾਂਗਰਸ ਨੂੰ ਤੀਸਰੇ ਨੰਬਰ ’ਤੇ ਰਖਿਆ ਜਾ ਰਿਹਾ ਸੀ। ਪੁਖਤਾ ਅਗਵਾਈ ਕਾਰਨ ਤੀਸਰੇ ਨੰਬਰ ’ਤੇ ਮੰਨੀ ਜਾ ਰਹੀ ਕਾਂਗਰਸ ਨਿੱਤਰ ਕੇ ਉਪਰਲੇ ਸਿਰੇ ’ਤੇ ਆ ਗਈ ਹੈ। ਇਸ ਦੇ ਉਲਟ ਭਾਜਪਾ ਜਿਸ ਦੀਆਂ ਉਮੀਦਵਾਰ ਐਲਾਨਣ ਤੋਂ ਪਹਿਲਾਂ ਉਮੀਦਵਾਰ ਪ੍ਰਤੀ ਕਾਫ਼ੀ ਉਲਝਣਾਂ ਵਧੀਆਂ ਪਰ ਇਹ ਮੁਸ਼ਕਲ ਹੱਲ ਕਰਨ ਤੋਂ ਬਾਅਦ ਵਰਤਮਾਨ ਸਥਿਤੀ ਵਿਚ ਚੋਣ ਪ੍ਰਚਾਰ ਪ੍ਰਬੰਣ ਨਾ ਦੇ ਬਰਾਬਰ ਹੋਣ ਕਾਰਨ ਬਿੱਖਰੀ ਨਜ਼ਰ ਆ ਰਹੀ ਹੈ। ਵੈਸੇ ਤਾਂ ਹਰਜ ਬੂਥ ’ਤੇ ਹਰ ਕੌਂਸਲ ਦੀ ਡਿਊਟੀ ਨਿਸਚਿਤ ਕੀਤੀ ਗਈ ਹੈ ਪਰ ਇਹ ਡਿਊਟੀ ਨਿਭ ਕਿੰਨੀ ਰਹੀ ਹੈ, ਅੰਦਰੋਂ ਜ਼ਿੰਮੇਵਾਰ ਨੇਤਾ ਦੁਖੀ ਜਾ ਰਹੇ ਹਨ ਕਿਉਂਕਿ ਭਾਜਪਾ ਦੇ ਕੁੱਝ ਸੀਨੀਅਰ ਨੇਤਾਵਾਂ ਨੇ ਅਸਿੱਧੇ ਤਰੀਕੇ ਚੋਣ ਪ੍ਰਚਾਰ ’ਚ ਅਪਣੇ ਲੁਕਵੇਂ ਉਦੇਸ਼ਾਂ ਦੇ ਮੱਦੇਨਜ਼ਰ ਹੱਥ ਪਿੱਛੇ ਖਿੱਚ ਲਏ ਹਨ। ਬਸਪਾ ਦਾ ਜੋਸ਼ ਚੋਣ ਜ਼ਾਬਤੇ ਉਪਰੰਤ ਨਜ਼ਰ ਆ ਰਿਹਾ ਸੀ। ਮੌਜੂਦਾ ਸਥਿਤੀ ਵਿਚ ਘਟਿਆ ਨਜ਼ਰ ਆ ਰਿਹਾ ਹੈ। ਇੱਥੋਂ ਤਕ ਕਿ ਉਮੀਦਵਾਰ ਦਾ ਪਤੀ ਮਿਸਟਰ ਯਾਦਵ ਅਜੀਬ ਪ੍ਰੇਸ਼ਾਨੀ ਵਿਚ ਕਿਸੇ ਨਾਲ ਕੋਈ ਗੱਲਬਾਤ ਨਾ ਕਰ ਕੇ ਅਜੀਬ ਚੁੱਪੀ ਧਾਰ ਚੁਕਿਆ ਹੈ। ਵਜ੍ਹਾ ਕਿਸੇ ਅੰਦਰੂਨੀ ਆਰਥਕ ਵਾਅਦਾ ਖਿਲਾਫ਼ੀ ਨੂੰ ਮੰਨਿਆ ਜਾ ਰਿਹਾ ਹੈ। ਭਲਕੇ ਬਸਪਾ ਵਲੋਂ ਸ਼ਕਤੀ ਪ੍ਰਦਰਸ਼ਨ ਲਈ ਰੋਡ ਸ਼ੋਅ ਦੀ ਯੋਜਨਾ ਬਣਾਈ ਗਈ ਹੈ। ਇਸ ਰੋਡ ਸ਼ੋਅ ਵਿਚ ਕੇਂਦਰੀ ਨੇਤਾ ਨਰਿੰਦਰ ਕਸ਼ਯਮ ਅਤੇ ਅਵਤਾਰ ਸਿੰਘ ਕਰੀਮਪੁਰੀ ਦੀ ਆਮਦ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਬਸਪਾ ਵਿਚ ਕੋਈ ਨਵੀਂ ਜੋਸ਼ੀਲੀ ਮੁਹਿੰਮ ਉਭਰਨ ਦੀ ਸੰਭਾਵਨਾ ਹੈ। ਕਾਂਗਰਸ ਅਤੇ ਬਸਪਾ ਦਾ ਵੋਟ ਬੈਂਕ ਦਲਿਤ ਮੰਨਿਆ ਜਾਂਦਾ ਹੈ। ਇਸ ਵਾਰਡ ਵਿਚ 75 ਫ਼ੀ ਸਦੀ ਤੋਂ ਜ਼ਿਆਦਾ ਦਲਿਤ ਵੋਟ ਹੀ ਹੈ।
ਕਾਂਗਰਸ ਇਸ ਵਾਰਡ ’ਚੋਂ 1285 ਦੇ ਫ਼ਰਕ ਨਾਲ ਭਾਜਪਾ ਤੋਂ ਪਿਛਲੀ ਚੋਣ ਵਿਚ ਹਾਰ ਚੁਕੀ ਹੈ। ਕਾਂਗਰਸ ਦੀ ਪੁਖਤਾ ਮੈਨੇਜਮੈਂਟ ਤੇ ਚੋਣ ਮੁਹਿੰਮ ਦੇ ਹਰ ਕਦਮ ’ਤੇ ਪਵਨ ਬਾਂਸਲ ਖ਼ੁਦ ਨਜ਼ਰ ਰਖਦੇ ਨਜ਼ਰ ਆ ਰਹੇ ਹਨ। ਸ਼ਾਇਦ ਉਹ ਇਸ ਚੋਣ ਨੂੰ 2014 ਦੀਆਂ ਐਮ.ਪੀ. ਦੀਆਂ ਚੋਣਾਂ ਦੇ ਮੱਦੇਨਜ਼ਰ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰਡ ਦੀ ਚੋਣ ਮੁਹਿੰਮ ਉਹ ਇ ਮਲੋਆ ਸਥਿਤ ਘਰੇਲੂ ਇਕੱਤਰਤਾ ਕਰਵਾ ਕੇ ਫਿਰ ਦਿੱਲੀ ਮੌਨਸੂਨ ਸੈਸ਼ਲ ਵਿਚ ਭਾਗ ਲੈਣ ਲਈ ਗਏ ਅਤੇ ਜਾਂਦੇ ਕਹਿ ਕੇ ਗਏ ਸਨ ਕਿ ਇਸ ਤੋਂ ਬਾਅਦ ਉਹ ਖ਼ੁਦ ਇਸ ਵਾਰਡ ਵਿਚ ਰਹਿਣਗੇ। ਭਲਕੇ ਉਹ ਦੂਸਰੇ ਗੇੜ ਦੀਆਂ ਇਕੱਤਰਤਾਵਾਂ ਸ਼ੁਰੂ ਕਰਨ ਜਾ ਰਹੇ ਹਨ। ਸੂਤਰਾਂ ਅਨੁਸਾਰ ਉਨ੍ਹਾਂ ਦਿੱਲੀ ਤੋਂ ਪਰਤਦੇ ਹੀ ਪਹਿਲਾਂ ਵਾਰਡ ਚੋਣ ਮੁਹਿੰਮ ਦਾ ਜਾਇਜ਼ਾ ਲਿਆ ਤੇ ਰਹਿੰਦੀਆਂ ਕਮੀਆਂ ’ਤੇ ਨਜ਼ਰ ਰਖਦੇ ਹੋਏ ਇਕ ਵਿਸ਼ੇਸ਼ ਇਕੱਤਰਤਾ ਕਰ ਕੇ ਕੌਂਸਲਰਾਂ ਅਤੇ ਨੇਤਾਵਾਂ ਨੂੰ ਦੁਬਾਰਾ ਹੋਰ ਸੰਜੀਦਗੀ ਨਾਲ ਨੰਮ ਕਰਨ ਲਈ ਨਿਰਦੇਸ਼ ਦਿੰਦੇ ਹੋਏ ਅਲੱਗ-ਅਲੱਗ ਬੂਥਾਂ ’ਤੇ ਤੈਨਾਤ ਕੀਤੇ ਆਗੂਆਂ ਅਤੇ ਨੇਤਾਵਾਂ ਤੋਂ ਵੋਟਾਂ ਦੀ ਸੰਖਿਆ ਦਾ ਹਿਸਾਬ ਲੈਣ ਦੇ ਵੀ ਸੰਕੇਤ ਦਿਤੇ ਹਨ।
ਜ਼ਿਕਰਯੋਗ ਹੈ ਕਿ ਜਿਥੇ ਬਸਪਾ, ਭਾਜਪਾ ਦੇ ਉਮੀਦਵਾਰ ਨੂੰ ਕਿਸੇ ਮਰਦ ਦੀ ਦਿਤੀ ਚਾਬੀ ’ਤੇ ਚਲਣ ਵਾਲਾ ਖਿਡੌਣਾ ਮੰਨਿਆ ਜਾ ਰਿਹਾ ਹੈ, ਉਥੇ ਕਾਂਗਰਸ ਉਮੀਦਵਾਰ ਪੂਨਮ ਸ਼ਰਮਾ ਜੋ ਪੇਸ਼ੇ ਤੋਂ ਵਕੀਲ ਹੈ, ਨੂੰ ਨਿਧੜਕ ਅਤੇ ਖ਼ੁਦ ਮਰਦਾਂ ਵਾਂਗ ਕੰਮ ਕਰਨ ਤੇ ਲੋਕਾਂ ਨਾਲ ਖੜਨ ਵਾਲੀ ਔਰਤ ਵਜੋਂ ਮੰਨਿਆ ਜਾ ਰਿਹਾ ਹੈ।
ਤਸਵੀਰਾਂ ਸੁਖਵਿੰਦਰ