ਅਜੀਤਗੜ੍ਹ, 8 ਅਗੱਸਤ (ਸਤਵਿੰਦਰ ਸਿੰਘ ਧੜਾਕ) : ਬਜ਼ਾਰ ਦੀਆਂ ਚੋਰ ਮੋਰੀਆਂ ਰਾਹੀਂ ਅਤੇ ਠੱਗ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਬਾਹਰਲੇ ਮੁਲਕਾਂ ਵਿਚ ਡਾਲਰ ਕਮਾਉਣ ਗਏ ਪੰਜਾਬੀ ਨੌਜਵਾਨ ਕਿਸ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਕੈਦੀ ਬਣ ਕੇ ਰਹਿ ਜਾਂਦੇ ਹਨ, ਇਸ ਦੀ ਇਕ ਹੋਰ ਉਦਾਹਰਣ ਸਾਹਮਣੇ ਆਈ ਹੈ। ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ਵਿਚ ਰੋਜੀ ਰੋਟੀ ਦੀ ਕਮਾਉਣ ਲਈ ਗਏ 72 ਦੇ ਕਰੀਬ ਪੰਜਾਬੀ ਨੌਜਵਾਨ ਹਾਲੇ ਤਕ ਘਰ ਨਹੀਂ ਪਰਤੇ। ਇਨ੍ਹਾਂ ਦੇ ਪਰਵਾਰ ਵਾਲੇ ਸਰਕਾਰੇ ਦਰਬਾਰੇ ਅਪਣੇ ਪੁੱਤਰਾਂ ਨੂੰ ਵਾਪਸ ਬੁਲਾਉਣ ਲਈ ਬੇਨਤੀਆਂ ਕਰ ਚੁਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਅੱਜ ਅਜੀਤਗੜ੍ਹ ’ਚ ਤਕਰੀਬਨ ਇਨ੍ਹਾਂ 72 ਪਰਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਸਕੱਤਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਅਪਣੇ ਦਰਦ ਬਿਆਨ ਕੀਤੇ ਅਤੇ ਦੋ ਡੰਗ ਦੀ ਰੋਟੀ ਕਮਾਉਣ ਗਏ ਪੁੱਤਰਾਂ ਨੂੰ ਵਾਪਸ ਬੁਲਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਦੀ ਪੂਰੀ ਕਹਾਣੀ ਬਿਆਨ ਕੀਤੀ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਕੁੱਝ ਸਾਲ ਪਹਿਲਾਂ ਮੁਤੱਫਲ ਟਰੇਡਿੰਗ ਕੰਪਨੀ ਨਾਲ ਦੋ ਸਾਲ ਦੇ ਵਰਕ ਪਰਮਿਟ ’ਤੇ ਸਾਊਦੀ ਅਰਬ ਗਏ ਸਨ ਪ੍ਰੰਤੂ ਇਸ ਕੰਪਨੀ ਨੇ ਇਨ੍ਹਾਂ ਨੌਜਵਾਨਾਂ ਨੂੰ ਬਿਨਾਂ ਕੋਈ ਮਿਹਨਤਾਨਾ ਦਿਤਿਆਂ ਦੋ ਸਾਲ ਤੋਂ ਕੰਮ ਕਰਵਾਇਆ। ਹੁਣ ਦੋ ਸਾਲ ਦੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਵੀ 5 ਮਹੀਨਿਆਂ ਤੋਂ ਕੰਪਨੀ ਨੌਜਵਾਨਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ ਅਤੇ ਘਰ ਵਾਪਸ ਨਹੀਂ ਆਉਣ ਦੇ ਰਹੀ। ਦਰਦ ਭਰੀ ਵਿਥਿਆ ਸੁਣਾਉਂਦਿਆਂ ਇਨ੍ਹਾਂ ਮਾਪਿਆਂ ਨੇ ਦਸਿਆ ਕਿ ਉਨ੍ਹਾਂ ਦੇ ਪੁੱਤਰ ਅਪਣੇ ਪਰਵਾਰਾਂ ਨੂੰ ਕਰਜ਼ਿਆਂ ਤੋਂ ਮੁਕਤ ਕਰਵਾਉਣ ਲਈ ਰੋਜ਼ੀ-ਰੋਟੀ ਦੀ ਭਾਲ ਲਈ ਵਿਦੇਸ਼ ਗਏ ਸਨ ਪ੍ਰੰਤੂ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਹ ਮੌਤ ਦੇ ਮੂੰਹ ਵਿਚ ਹੀ ਫਸ ਜਾਣਗੇ। ਇਸ ਮੌਕੇ ਪੀੜਤ ਪਰਵਾਰਾਂ ਨੂੰ ਭਰੋਸਾ ਦਿਵਾਉਂਦਿਆਂ ਬੀਬੀ ਅਮਨਜੋਤ ਕੌਰ ਰਾਮੂਵਾਲੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਹਮੇਸ਼ਾਂ ਹੀ ਦੁਖੀਆ ਦੀ ਮਦਦਗਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਅਜ਼ਾਦ ਕਰਵਾ ਕੇ ਜਲਦ ਪੰਜਾਬ ਦੀ ਸਰਜਮੀ ’ਤੇ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਵਿਚੋਂ ਪੰਜ ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ ਅਤੇ ਬਾਕੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਨ। ਇਸ ਮੌਕੇ ਦਫ਼ਤਰ ਇੰਚਾਰਜ ਦੀਪਇੰਦਰ ਸਿੰਘ ਅਕਲੀਆ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਸਰਪੰਚ ਯਸ਼ਪਾਲ ਸਿੰਘ ਤੜੌਲੀ, ਪਰਮਜੀਤ ਸਿੰਘ ਕਾਹਲੋਂ, ਸਰਪੰਚ ਕੰਵਰਪਾਲ ਸਿੰਘ ਬਹਿਲੋਲਪੁਰ ਆਦਿ ਮੌਕੇ ’ਤੇ ਹਾਜ਼ਰ ਸਨ।