ਚੰਡੀਗੜ੍ਹ, 7 ਸਤੰਬਰ (ਗੁਰਪ੍ਰੀਤ ਸਿੰਘ ਮਹਿਕ): ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪੀ.ਪੀ.ਪੀ. ਦੇ ਨੇਤਾ ਸ. ਮਨਪ੍ਰੀਤ ਸਿੰਘ ਬਾਦਲ ਉਤੇ ਦੋਗਲੀ ਨੀਤੀ ਅਪਨਾਉਣ ਦਾ ਦੋਸ਼ Ñਲਾਉਂਦਿਆਂ ਕਿਹਾ ਹੈ ਕਿ ਇਹ ਦੋਵੇਂ ਆਗੂ ਅਪਣੀ ਸਿਆਸੀ ਹੋਂਦ ਬਚਾਉਣ ਲਈ ਅਕਸਰ ਹੀ ਗਿਰਗਿਟ ਵਾਂਗ ਅਪਣਾ ਰੰਗ ਬਦਲ ਲੈਂਦੇ ਹਨ। ਅੱਜ ਇਥੇ ਜਾਰੀ ਇਕ ਬਿਆਨ ਵਿਚ ਸ. ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇ ਸਚਮੁਚ ਪੰਜਾਬ ਲਈ ਕੁੱਝ ਕਰਨਾ ਚਾਹੁੰਦਾ ਹੈ , ਤਾਂ ਉਸ ਨੂੰ 10 ਜਨਪਥ ਤੇ 7 ਰੇਸ ਕੋਰਸ ਅੱਗੇ ਧਰਨਾ ਦੇਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਪੰਜਾਬ ਨੂੰ ਇਸ ਕਰ ਕੇ ਉਸ ਦੀਆਂ ਬਣਦੀਆਂ ਗਰਾਂਟਾਂ ਨਾ ਦਿਤੀਆਂ ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ’ਤੇ ਕੋਈ ਟੈਕਸ ਨਹੀਂ ਲਾਇਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦਿੱਲੀ ਵਿਖੇ ਧਰਨਾ ਲਾਵੇ ਤਾਂ ਅਸੀ ਉਸ ਦਾ ਸਮਰਥਨ ਕਰਾਂਗੇ।
ਸ. ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਤੇ ਕੈਪਟਨ ਅਮਰਿੰਦਰ ਸਿੰਘ ਅਪਣੀ ਰਹਿੰਦੀ-ਖੂੰਹਦੀ ਸਿਆਸੀ ਹੋਂਦ ਬਚਾਉਣ ਲਈ ਇਕ-ਦੂਜੇ ਦੀਆਂ ਫੌੜੀਆਂ ਬਣ ਰਹੇ ਹਨ ਤੇ ਇਸ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਸ. ਮਜੀਠੀਆ ਨੇ ਆਖਿਆ ਕਿ ਕਾਂਗਰਸ ਤਾਂ ਅਪਣੇ ਦਮ ’ਤੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਧਰਨੇ ਲਾਉਣ ਦੇ ਸਮਰੱਥ ਵੀ ਨਹੀਂ ਰਹੀ ਜਿਸ ਕਰ ਕੇ ਹੁਣ ਇਸ ਦਾ ਮੁਖੀ ਮਨਪ੍ਰੀਤ ਤੇ ਹੋਰਨਾਂ ਆਗੂਆਂ ਦੀ ਮਦਦ ਲਈ ਤਰਲੇ ਮਾਰ ਰਿਹਾ ਹੈ।
ਮਨਪ੍ਰੀਤ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ‘ਉਹ ਬਿਨਾਂ ਸਿਧਾਤਾਂ ਵਾਲਾ ਵਿਅਕਤੀ ਹੈ ਤੇ ਉਸ ਵਲੋਂ ਵਾਰ-ਵਾਰ ਅਪਣੀ ਕਹੀ ਗੱਲ ਤੋਂ ਪਲਟਣ ਨਾਲ ਉਸ ਦਾ ਅਸਲੀ ਕਿਰਦਾਰ ਲੋਕਾਂ ਸਾਹਮਣੇ ਆ ਗਿਆ ਹੈ’। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹੁੰਦਿਆਂ ਮਨਪ੍ਰੀਤ ਨੇ ਰਾਜ ਦੀ ਵਿੱਤੀ ਹਾਲਤ ਸੁਧਾਰਨ ਲਈ ਰੋਜ਼ਾਨਾ ਟੈਕਸ Ñਲਾਏ ਜਾਣ, ਗ਼ਰੀਬਾਂ ਨੂੰ ਦਿਤੀਆਂ ਜਾ ਰਹੀਆਂ ਰਿਆਇਤਾਂ ਤੇ ਕਿਸਾਨੀ ਸਬਸਿਡੀਆਂ ਬੰਦ ਕਰਨ ਦੀ ਮੰਗ ਕਰਦਾ ਸੀ, ਪਰ ਹੁਣ ਟੈਕਸ ਲਾਉਣ ਵਿਰੁਧ ਕਿਸ ਮੂੰਹ ਨਾਲ ਧਰਨਾ ਦੇ ਰਿਹਾ ਹੈ? ਉਨ੍ਹਾਂ ਕਿਹਾ ਕਿ ‘ਕੈਪਟਨ ਤੇ ਮਨਪ੍ਰੀਤ ਦੀ ਹਾਲਤ ਤ੍ਰਿਸਕਾਰੇ ਹੋਏ ਛੜਿਆਂ ਵਰਗੀ ਹੋ ਗਈ ਹੈ’।