ਰਾਸ਼ਟਰੀ ਖਬਰਾਂ
 

‘ਮੈਂ ਮੁਸਲਮਾਨ ਨਹੀਂ, ਸਿੱਖ ਹਾਂ’ ਮੁਹੰਮਦ ਸਦੀਕ ਵਲੋਂ ਦਰਬਾਰਾ ਸਿੰਘ ਗੁਰੂ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਜਵਾਬ ਦਾਖ਼ਲ

ਚੰਡੀਗੜ੍ਹ, 7 ਸਤੰਬਰ (ਸੁਰਜੀਤ ਸਿੰਘ ਸੱਤੀ): ਰਾਖਵੇਂ ਹਲਕੇ ਭਦੌੜ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਗਾਇਕ ਮੁਹੰਮਦ ਸਦੀਕ ਨੇ, ਉਨ੍ਹਾਂ ਵਿਰੁਧ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਵਲੋਂ ਦਾਖ਼ਲ ਚੋਣ ਪਟੀਸ਼ਨ ਦੇ ਜਵਾਬ ਵਿਚ ਕਿਹਾ ਹੈ ਕਿ ਉਹ ਸਿੱਖ ਧਰਮ ਵਿਚ ਆਸਥਾ ਰਖਦੇ ਹਨ ਤੇ ਮੁਸਲਮਾਨ ਹੈ ਹੀ ਨਹੀਂ। ਹਾਈ ਕੋਰਟ ਵਿਚ ਦਾਖ਼ਲ ਜਵਾਬ ਵਿਚ ਸਦੀਕ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਭਾਵੇਂ ਮੁਸਲਮਾਨ ਪ੍ਰਵਾਰ ਵਿਚ ਹੋਇਆ ਪਰ ਉਹ ਸਿੱਖ ਧਰਮ ਵਿਚ ਵਿਸ਼ਵਾਸ ਰਖਦੇ ਹਨ ਤੇ ਉਨ੍ਹਾਂ ਦੇ ਘਰ ਵਿਚ ਹੋਣ ਵਾਲੀਆਂ ਰੀਤਾਂ ਸਿੱਖ ਧਰਮ ਦੇ ਮੁਤਾਬਕ ਹੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਨਾਂ ਪ੍ਰਸੰਨੀ ਦੇਵੀ ਸੀ ਤੇ ਉਨ੍ਹਾਂ ਦੇ ਭੋਗ ’ਤੇ ਵੀ ਸਿੱਖ ਮਰਿਆਦਾਵਾਂ ਪੂਰੀਆਂ ਕੀਤੀਆਂ ਗਈਆਂ। ਹਾਈ ਕੋਰਟ ਵਿਚ ਦਾਖ਼ਲ ਇਸ ਜਵਾਬ ਦੀ ਇਕ ਕਾਪੀ ਦਰਬਾਰਾ ਸਿੰਘ ਗੁਰੂ ਦੇ ਵਕੀਲ ਸਤਿਆਪਾਲ ਜੈਨ ਨੂੰ ਵੀ ਸੌਂਪੀ ਗਈ। ਜੈਨ ਮੁਤਾਬਕ ਮੁਸਲਮਾਨ ਧਰਮ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹਿਣ ਦੇ ਨਾਲ ਹੀ ਮੁਹੰਮਦ ਸਦੀਕ ਨੇ ਇਹ ਵੀ ਕਿਹਾ ਹੈ ਕਿ ਉਹ ਡੂਮ ਜਾਤ ਨਾਲ ਸਬੰਧਤ ਹਨ ਜਿਹੜੀ ਕਿ ਪੱਟੀਦਰਜ ਜਾਤਾਂ ਦੀ ਸੂਚੀ ਵਿਚ ਸ਼ਾਮਲ ਹੈ ਤੇ ਇਸ ਤਰ੍ਹਾਂ ਉਹ ਰਾਖਵੇਂ ਹਲਕੇ ਤੋਂ ਚੋਣ ਲੜਨ ਦੇ ਹੱਕਦਾਰ ਸੀ। ਹਾਈ ਕੋਰਟ ਨੇ ਸਦੀਕ ਨੂੰ ਇਹ ਜਵਾਬ ਰਜਿਸਟਰੀ ਰਾਹੀਂ ਦਾਖ਼ਲ ਕਰਵਾਉਣ ਦੀ ਹਦਾਇਤ ਕੀਤੀ ਹੈ ਤੇ ਨਾਲ ਹੀ ਸੁਣਵਾਈ ਲਈ 21 ਸਤੰਬਰ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਰੂ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਭਦੌੜ ਹਲਕਾ ਅਨੁਸੂਚਿਤ ਜਾਤਾਂ ਨਾਲ ਸਬੰਧਤ ਵਿਅਕਤੀਆਂ ਲਈ ਰਾਖਵਾਂ ਕੀਤਾ ਹੋਇਆ ਹੈ ਤੇ ਮੁਹੰਮਦ ਸਦੀਕ ਮੁਸਲਮਾਨ ਹਨ ਤੇ ਰਾਖਵੇਂਕਰਨ ਵਿਚ ਜਾਤ ਹੀ ਆਉਂਦੀ ਹੈ ਨਾ ਕਿ ਧਰਮ। ਇਨ੍ਹਾਂ ਤੱਥਾਂ ਨਾਲ ਗੁਰੂ ਨੇ ਸਦੀਕ ਦੀ ਚੋਣ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ। ਸਦੀਕ ਨੂੰ ਹਾਈ ਕੋਰਟ ਵਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਨ੍ਹਾਂ ਪਹਿਲੀ ਵਾਰ ਉਪਰੋਕਤ ਜਵਾਬ ਹਾਈ ਕੋਰਟ ਵਿਚ ਦਾਖ਼ਲ ਕੀਤਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.