ਰਾਸ਼ਟਰੀ ਖਬਰਾਂ
 

ਹੰਗਾਮਿਆਂ ਦੀ ਭੇਂਟ ਚੜ੍ਹਿਆ ਸੰਸਦ ਦਾ ਮੌਨਸੂਨ ਸੈਸ਼ਨ ਦੋਹਾਂ ਸਦਨਾਂ ਦੀ ਬੈਠਕ ਅਣਮਿਥੇ ਸਮੇਂ ਲਈ ਉਠਾਈ

ਨਵੀਂ ਦਿੱਲੀ, 7 ਸਤੰਬਰ : ਸੰਸਦ ਦੇ ਮੌਨਸੂਨ ਸੈਸ਼ਨ ਦੀਆਂ ਕੁਲ 20 ਬੈਠਕਾਂ ਵਿਚੋਂ 13 ਬੈਠਕਾਂ ਰੌਲੇ-ਰੱਪੇ ਅਤੇ ਕੋਲਾ ਖਦਾਨਾਂ ਦੀ ਵੰਡ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਹੀਂ ਚੱਲ ਸਕੀਆਂ। 20 ਦਿਨਾਂ ਵਿਚੋਂ ਸਿਰਫ਼ 6 ਦਿਨ ਹੀ ਕੰਮ-ਕਾਜ ਹੋ ਸਕਿਆ। ਸੰਸਦ ਦੇ ਮੌਨਸੂਨ ਸੈਸ਼ਨ ਦਾ ਆਖ਼ਰੀ ਦਿਨ ਵੀ ਰੌਲੇ-ਰੱਪੇ ਦੀ ਭੇਟ ਚੜ੍ਹ ਗਿਆ। ਲੋਕ ਸਭਾ ਦੀ ਬੈਠਕ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਅਣਮਿਥੇ ਸਮੇਂ ਲਈ ਉਠਾ ਦਿਤੀ ਗਈ। ਰਾਜ ਸਭਾ ਵਿਚ ਵੀ ਇਹੋ ਦ੍ਰਿਸ਼ ਸੀ। ਜਿਵੇਂ ਹੀ ਸਦਨ ਦੀ ਬੈਠਕ ਸਵੇਰੇ ਸ਼ੁਰੂ ਹੋਈ ਤਾਂ ਪਹਿਲੀ ਵਾਰ 12 ਵਜੇ ਤਕ ਅਤੇ ਦੂਜੀ ਵਾਰ 12:45 ਵਜੇ ਤਕ ਮੁਲਤਵੀ ਕਰਨੀ ਪਈ, ਜਿਸ ਤੋਂ ਬਾਅਦ ਹੰਗਾਮਾ ਰੁਕਦਾ ਨਾ ਵੇਖ ਕੇ ਰਾਜ ਸਭਾ ਦੀ ਬੈਠਕ ਵੀ ਅਣਮਿਥੇ ਸਮੇਂ ਲਈ ਉਠਾ ਦਿਤੀ ਗਈ। ਜਿਵੇਂ ਹੀ ਲੋਕ ਸਭਾ ਦਾ ਸਮਾਗਮ ਸ਼ੁਰੂ ਹੋਇਆ, ਸਪੀਕਰ ਮੀਰਾ ਕੁਮਾਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਹਦਾਇਤ ਕੀਤੀ। ਇਸੇ ਦੌਰਾਨ ਭਾਜਪਾ ਦੇ ਮੈਂਬਰ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਹਰੇ ਲਗਾਉਂਦੇ ਸਪੀਕਰ ਦੀ ਕੁਰਸੀ ਦੇ ਸਾਹਮਣੇ ਆ ਗਏ। ਇਸ ਮੌਕੇ ਸ਼ਿਵ ਸੈਨਾ, ਅਕਾਲੀ ਦਲ ਅਤੇ ਜਨਤਾ ਦਲ (ਯੂ) ਦੇ ਮੈਂਬਰ ਅਪਣੀ ਥਾਂ ’ਤੇ ਖੜੇ ਹੋ ਕੇ ਸਪੱਸ਼ਟੀਕਰਨ ਮੰਗਦੇ ਵੇਖੇ ਗਏ। ਅੰਨਾ ਡੀ.ਐਮ.ਕੇ. ਅਤੇ ਡੀ.ਐਮ.ਕੇ. ਦੇ ਮੈਂਬਰਾਂ ਨੇ ਵੀ ਨਾਹਰੇਬਾਜ਼ੀ ਕੀਤੀ। ਹੰਗਾਮਾ ਰੁਕਦਾ ਨਾ ਵੇਖ ਕੇ ਸਦਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਉਠਾ ਦਿਤੀ ਗਈ। ਰਾਜ ਸਭਾ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਕੋਲਾ ਖਦਾਨਾਂ ਅਤੇ ਤਰੱਕੀ ਵਿਚ ਰਾਖਵੇਂਕਰਨ ਸਬੰਧੀ ਬਿਲ ਦੇ ਵਿਰੋਧ ਵਿਚ ਭਰਵਾਂ ਹੰਗਾਮਾ ਹੋਇਆ ਅਤੇ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ। ਸਦਨ ਦੀ ਬੈਠਕ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਹੀ ਇਸ ਨੂੰ 12 ਵਜੇ ਤਕ ਮੁਲਤਵੀ ਕਰਨਾ ਪਿਆ। ਬੈਠਕ ਸ਼ੁਰੂ ਹੋਣ ਤੋਂ ਬਾਅਦ ਸਭਾਪਤੀ ਹਾਮਿਦ ਅੰਸਾਰੀ ਨੇ 30 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਰਾਜ ਸਭਾ ਦੇ ਸਕੱਤਰ ਜਨਰਲ ਵੀ.ਕੇ. ਅਗਨੀਹੋਤਰੀ ਨੂੰ ਪੂਰੇ ਸਦਨ ਵਲੋਂ ਵਿਦਾਇਗੀ ਦਿਤੀ। ਉਨ੍ਹਾਂ ਕਿਹਾ ਕਿ ਸਾਲ 1968 ਵਿਚ ਭਾਰਤੀ ਪ੍ਰਸ਼ਾਸਨਕ ਸੇਵਾ ਨਾਲ ਜੁੜੇ ਅਗਨੀਹੋਤਰੀ ਅਕਤੂਬਰ 2007 ਵਿਚ ਰਾਜ ਸਭਾ ਦੇ ਸਕੱਤਰ ਜਨਰਲ ਨਿਯੁਕਤ ਕੀਤੇ ਗਏ ਸਨ। ਸਭਾਪਤੀ ਨੇ ਕਿਹਾ ਕਿ ਅਗਨੀਹੋਤਰੀ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨਾਲ ਚੰਗੇ ਸਬੰਧ ਸਨ ਅਤੇ ਸੰਸਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਈ ਕਈ ਕਦਮ ਚੁੱਕੇ। ਪੜ੍ਹਾਈ-ਲਿਖਾਈ ਵਿਚ ਦਿਲਚਸਪੀ ਰਖਣ ਵਾਲੇ ਵੀ.ਕੇ. ਅਗਨੀਹੋਤਰੀ ਨੇ 70 ਤੋਂ ਵੱਧ ਕਿਤਾਬਾਂ ਅਤੇ ਦਸਤਾਵੇਜ਼ ਲਿਖੇ ਹਨ। ਅੰਸਾਰੀ ਨੇ ਅਗਨੀਹੋਤਰੀ ਦੀ ਚੰਗੀ ਸਿਹਤ ਅਤੇ ਭਵਿੱਖ ਦੀ ਕਾਮਨਾ ਕੀਤੀ, ਜਿਸ ਦਾ ਸਾਰੇ ਮੈਂਬਰਾਂ ਨੇ ਮੇਜ਼ ਖੜਕਾ ਕੇ ਸਵਾਗਤ ਕੀਤਾ, ਜਿਸ ਤੋਂ ਬਾਅਦ ਅੰਸਾਰੀ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਪਰ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਮੈਂਬਰਾਂ ਨੇ ਕੋਲਾ ਬਲਾਕਾਂ ਦੀ ਵੰਡ ਵਿਚ ਕਥਿਤ ਬੇਨਿਯਮੀਆਂ ਬਾਰੇ ਕੈਗ ਕੀ ਰੀਪੋਰਟ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ, ਜਿਸ ’ਤੇ ਪਹਿਲਾਂ 12 ਵਜੇ ਤਕ ਅਤੇ ਫਿਰ 12:45 ਵਜੇ ਤਕ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ। ਜਦੋਂ ਫਿਰ ਵੀ ਹੰਗਾਮਾ ਨਾ ਰੁਕਿਆ ਤਾਂ ਸਦਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਉਠਾ ਦਿਤੀ ਗਈ। (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.