ਲੁਧਿਆਣਾ, 7 ਸਤੰਬਰ (ਰਵੀ ਭਾਟੀਆ/ ਆਰ.ਪੀ.ਸਿੰਘ): ‘‘ਪੰਜਾਬ ਦੇ ਲੋਕ ਇਸ ਸਮੇਂ ਪੂਰੀ ਤਰ੍ਹਾਂ ਕਰਜ਼ੇ ਵਿਚ ਡੁੱਬੇ ਹੋਏ ਹਨ। 27 ਲੱਖ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇਹੋ ਜਹੇ ਸਮੇਂ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਟੈਕਸਾਂ ਦਾ ਬੋਝ ਲੱਦ ਕੇ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ।’’ ਇਹ ਦੋਸ਼ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ, ਪੰਜਾਬ ਸਰਕਾਰ ਵਿਰੁਧ ਦਿਤੇ ਧਰਨੇ ਨੂੰ ਸੰਬੋਧਨ ਕਰਦਿਆਂ ਲਾਏ। ਉਹ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਵਲੋਂ, ਸੂਬਾ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਵਿਰੁਧ ਮਿਨੀ ਸਕੱਤਰੇਤ ਵਿਚ ਕਈ ਘੰਟੇ ਤਕ ਧਰਨਾ ਦੇਣ ਵਾਲੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਕੈਪਟਨ ਨੇ ਸਾਬਕਾ ਮੁੱਖ ਮੰਤਰੀ ਦੀ ਹੈਸੀਅਤ ਵਜੋਂ ਖ਼ੁਦ ਹੀ ਸਵਾਲ ਉਠਾਉਂਦੇ ਹੋਏ ਜਵਾਬ ਦਿਤਾ ਕਿ ਆਖ਼ਰ ਟੈਕਸ ਨਾ ਲਗਾਏ ਜਾਣ ਤਾਂ ਫਿਰ ਕੀ ਕੀਤਾ ਜਾਵੇ? ਇਹੋ ਜਿਹਾ ਤਰਕ ਦੇਣ ਵਾਲੇ ਸੂਬੇ ਦੇ ਸੱਤਾਧਾਰੀਆਂ ਲਈ ਸਿੱਧਾ ਜਿਹਾ ਜਵਾਬ ਹੈ ਕਿ ਉਹ ਨੀਤੀ ਬਣਾਉਣ, ਜ਼ਰੂਰਤ ਪਏ ਤਾਂ ਕਾਨੂੰਨ ਪਾਸ ਕਰਨ, ਇਸ ਦੇ ਲਈ ਪਹਿਲਾਂ ਇਕ ਮਾਹੌਲ ਬਣਾਉਣ। ਆਮਦਨ ਇਕੱਠੀ ਕਰਨ ਦੀ ਦਲੀਲ ਦੇ ਕੇ ਇਸ ਤਰ੍ਹਾਂ ਬੇਰਹਿਮੀ ਨਾਲ ਟੈਕਸ ਲਗਾਉਣਾ ਕੋਈ ਸਹੀ ਤਰੀਕਾ ਨਹੀਂ ਹੈ। ਸੁਝਾਅ-ਪੂਰਨ ਲਹਿਜੇ ਵਿਚ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਸਲਾਹ ਦਿਤੀ ਕਿ ਸਰਕਾਰੀ ਆਮਦਨ ਵਧਾਉਣ ਲਈ ਸੂਬੇ ਵਿਚ ਬਾਹਰਲੇ ਲੋਕਾਂ ਨੂੰ
ਉਦਯੋਗ-ਵਪਾਰ ਵਿਚ ਨਿਵੇਸ਼ ਲਈ ਬੁਲਾਉਣ ਦਾ ਮਾਹੌਲ ਬਣਾਇਆ ਜਾਵੇ। ਉਦਯੋਗਿਕ ਯੂਨਿਟਾਂ ਦੇ ਬੰਦ ਹੋਣ ਅਤੇ ਦੂਜੇ ਸੂਬਿਆਂ ਨੂੰ ਪਲਾਇਨ ’ਤੇ ਰੋਕ ਲਗਾਉਣ। ਬਿਜਲੀ ਸੰਕਟ ਦੂਰ ਕਰਨ ਦੇ ਯਤਨ ਕੀਤੇ ਜਾਣ। ਵਿਸ਼ੇਸ਼ ਕਰ ਕੇ ਅਕਾਲੀਆਂ ’ਤੇ ਨਿਸ਼ਾਨਾ ਲਗਾਉਂਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਨੇ ਦੋਸ਼ ਲਗਾਇਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, 2007 ਵਿਚ ਦਾਅਵੇ ਕਰ ਰਹੇ ਸਨ ਕਿ ਬਸ ਦੋ ਸਾਲਾਂ ਦੌਰਾਨ ਪੰਜਾਬ ਵਿਚ ਬਿਜਲੀ ਸਰਪਲੱਸ ਹੋ ਜਾਵੇਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ, ਪੰਜਾਬ ਵਿਚ ਬਿਜਲੀ ਸੰਕਟ ਕਈ ਗੁਣਾ ਵਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਸ਼ੁਰੂ ਕੀਤੇ ਬਿਜਲੀ ਪ੍ਰਾਜੈਕਟਾਂ ਦੇ ਪੂਰੇ ਹੋਣ ’ਤੇ ਅਕਾਲੀਆਂ ਨੇ ਜਨਤਾ ਨੂੰ ਗੁਮਰਾਹ ਕਰ ਕੇ ਉਸ ਦਾ ਸਿਹਰਾ ਅਪਣੇ ਸਿਰ ਬੰਨ੍ਹ ਲਿਆ ਅਤੇ ਕਰੋੜਾਂ ਰੁਪਏ ਦਾ ਬੋਝ ਜਨਤਾ ’ਤੇ ਥੋਪਦੇ ਹੋਏ ਅਨਾਪ ਸ਼ਨਾਪ ਟੈਕਸ ਲਗਾ ਦਿਤੇ। ਉੁਨ੍ਹਾਂ ਕਿਹਾਕਿ ਕਾਂਗਰਸ ਸਰਕਾਰ ਦੌਰਾਨ ਜਾਇਦਾਦ ’ਤੇ ਲੱਗੇ ਟੈਕਸਾਂ ਨੂੰ ਵਾਪਸ ਲਿਆ ਗਿਆ ਜਦਕਿ ਮੌਜੂਦਾ ਸਰਕਾਰ ਨੇ ਤਾਂ ਗ਼ਰੀਬ ਆਦਮੀ ’ਤੇ ਵੀ ਪ੍ਰਾਪਰਟੀ ਟੈਕਸ ਦੀ ਸੱਟ ਮਾਰ ਦਿਤੀ ਹੈ। ਕੋਈ ਚੀਜ਼ ਟੈਕਸ ਤੋਂ ਖਾਲੀ ਨਹੀਂ ਰਹੀ। ਇਸ ਦੇ ਬਾਵਜੂਦ ਸਰਕਾਰੀ ਖ਼ਜ਼ਾਨਾ ਖਾਲੀ ਟਣਕ ਰਿਹਾ ਹੈ ਪਰ ਇਸ ਵੇਲੇ ਵੀ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਸੰਤਰੀ ਤਕ, ਸਰਕਾਰੀ ਖ਼ਰਚੇ ’ਤੇ ਵਿਦੇਸ਼ਾਂ ਵਿਚ ਮੌਜ-ਮਸਤੀਆਂ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਕਾਲੀਆਂ ਦੇ ਜ਼ੁਲਮ ਦਾ ਕਾਂਗਰਸੀ ਵਰਕਰ ਡਟ ਕੇ ਜਵਾਬ ਦੇਣਗੇ। ਉਨ੍ਹਾਂ ਨੇ ਸਾਂਝੇ ਮੋਰਚੇ ਨੂੰ ਵੀ ਅਪੀਲ ਕੀਤੀ ਕਿ ਇਕੱਠੇ ਹੋ ਕੇ ਜੇਕਰ ਇਸ ਜਨ-ਵਿਰੋਧੀ ਸਰਕਾਰ ਵਿਰੁਧ ਲੜਿਆ ਜਾਵੇ ਤਾਂ ਚੰਗਾ ਹੋਵੇਗਾ। ਉਨ੍ਹਾਂ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦ ਤਕ ਲਗਾਏ ਟੈਕਸ ਵਾਪਸ ਨਹੀਂ ਲਏ, ਕਾਂਗਰਸੀ ਮੋਰਚੇ ਉਤੇ ਡਟੇ ਰਹਿਣਗੇ।
ਇਸ ਮੌਕੇ ਕਾਂਗਰਸ ਦੇ ਕੌਮੀ ਬੁਲਾਰੇ ਤੇ ਲੁਧਿਆਣਾ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਵੀ ਸੂਬਾ ਸਰਕਾਰ ’ਤੇ ਤਾਬੜ-ਤੋੜ ਹਮਲੇ ਕਰਦੇ ਹੋਏ ਦੋਸ਼ ਲਾਇਆ ਕਿ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿਚ ਪੰਜਾਬ ਨੂੰ ਜਿਸ ਰਾਹ ’ਤੇ ਪਾ ਦਿਤਾ ਹੈ, ਉਥੇ ਸਿਰਫ਼ ਵਿਨਾਸ਼ ਹੀ ਨਜ਼ਰ ਆਉਂਦਾ ਹੈ। ਉਨ੍ਹਾਂ ਨੇ ਕਾਂਗਰਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਕੈਪਟਨ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ।
ਇਸ ਮੌਕੇ ਸ੍ਰੀ ਜਾਖੜ ਨੇ ਵੀ ਅਪਣੇ ਸੰਬੋਧਨ ਵਿਚ ਸੂਬਾ ਸਰਕਾਰ ’ਤੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਸਤਿਆ ਨਾਸ ਕਰ ਕੇ ਰੱਖ ਦਿਤਾ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਕਿ ਸ਼ਹਿਰੀ ਜਨਤਾ ’ਤੇ ਟੈਕਸਾਂ ਦਾ ਬੋਝ ਲੱਦਣ ਦੇ ਲਈ ਭਾਜਪਾ ਵੀ ਅਕਾਲੀਆਂ ਦੇ ਬਰਾਬਰ ਦੀ ਦੋਸ਼ੀ ਹੈ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਨ-ਵਿਰੋਧੀ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਉ ਕਰ ਕੇ ਉਨ੍ਹਾਂ ਨੂੰ ਚੂੜੀਆਂ ਭੇਂਟ ਕਰਨ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਿਕਰਮ ਚੌਧਰੀ, ਵਿਧਾਇਕ ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਗੁਰਕੀਰਤ ਸਿੰਘ ਕੋਟਲੀ, ਅਮਰੀਕ ਸਿੰਘ ਢਿੱਲੋਂ, ਗੁਰਚਰਨ ਸਿੰਘ ਬੋਪਾਰਾਏ, ਭਾਰਤ ਭੂਸ਼ਣ, ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ, ਈਸ਼ਰ ਸਿੰਘ ਮਿਹਰਬਾਨ, ਗੁਰਦੀਪ ਸਿੰਘ ਭੈਣੀ, ਹਰਮੋਹਿੰਦਰ ਸਿੰਘ ਰਾਏਕੋਟ, ਮਲਕੀਤ ਸਿੰਘ ਬੀਰਮੀ, ਗੁਰਮੇਲ ਸਿੰਘ ਪਹਿਲਵਾਨ, ਅਸ਼ੋਕ ਪਰਾਸ਼ਰ ਪੱਪੀ, ਕੋਆਰਡੀਨੇਟਰ ਜਗਜੀਵਨਪਾਲ ਸਿੰਘ ਗਿੱਲ, ਸਾਬਕਾ ਮੰਤਰੀ ਤੇਕ ਪ੍ਰਕਾਸ਼ ਸਿੰਘ, ਬਿਕਰਮ ਸਿੰਘ ਬਾਜਵਾ, ਲਖਬੀਰ ਸਿੰਘ ਲੱਖਾ, ਹੇਮਰਾਜ ਅਗਰਵਾਲ, ਜਰਨੈਲ ਸਿੰਘ ਸ਼ਿਮਲਾਪੁਰੀ, ਬਲਜਿੰਦਰ ਸਿੰਘ ਬੰਟੀ, ਗੁਰਸਿਮਰਨ ਸਿੰਘ ਮੰਡ, ਰੋਕੀ ਸਿੱਧੂ, ਵਿਕਰਮ ਪਹਿਲਵਾਨ, ਸੰਜੇ ਸ਼ਰਮਾ, ਕੰਵਰਦੀਪ ਪੱਪੀ, ਸਨੀ ਕੈਂਥ, ਨਵਨੀਸ਼ ਮਲਹੋਤਰਾ, ਪਰਮਜੀਤ ਸਿੰਘ ਵਾਲੀਆ, ਜਰਨੈਲ ਸਿੰਘ ਸ਼ਿਮਲਾਪੁਰੀ, ਬਿੱਕਰ ਸਿੰਘ ਚਣਕੋਈਆ, ਗੁਰਮੇਲ ਸਿੰਘ ਗਿੱਲ ਬੇਰਕਲਾਂ, ਹਰਜਿੰਦਰ ਸਿੰਘ ਢੀਂਡਸਾ, ¦ਬੜਦਾਰ ਕਰਮਜੀਤ ਸਿੰਘ ਗਿੱਲ, ਤੇਜਿੰਦਰ ਸਿੰਘ ਲਾਡੀ ਜੱਸੜ, ਸਤਵੰਤ ਸਿੰਘ ਸਿੱਧੂਪਰ, ਬਾਬਾ ਚਮਕੌਰ ਸਿੰਘ, ਜਸਮਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਟਿੱਕਾ, ਲੀਨਾ ਟਪਾਰੀਆ, ਦੀਪਕ ਖੰਡੂਰ ਤੋਂ ਇਲਾਵਾ ਹੋਰ ਸੈਂਕੜੇ ਕਾਂਗਰਸੀ ਵਰਕਰ ਹਾਜ਼ਰ ਸਨ।