ਚੰਡੀਗੜ੍ਹ, 5 ਸਤੰਬਰ (ਗੁਰਪ੍ਰੀਤ ਸਿੰਘ/ਹਰਪ੍ਰੀਤ ਸਿੰਘ) : ਹਰਿਆਣਾ ਦੇ ਸਾਰੇ 80 ਸ਼ਹਿਰਾਂ ਵਿਚ ਮਾਰਚ, 2014 ਤਕ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰ ਦਿਤੇ ਜਾਣਗੇ। ਇਸ ਸਮੇਂ 33 ਸੀਵਰੇਜ ਟਰੀਟਮੈਂਟ ਪਲਾਂਟ ਚਾਲੂ ਹਨ ਅਤੇ 43 ਸੀਵਰੇਜ ਟਰੀਟਮੈਂਟ ਪਲਾਂਟਾਂ ’ਤੇ ਕੰਮ ਚਲ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਪ੍ਰਧਾਨਗੀ ਹੇਠ ਹੋਈ ਲੋਕ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਇਕ ਸਮੀਖਿਆ ਬੈਠਕ ਵਿਚ ਇਹ ਜਾਣਕਾਰੀ ਦਿਤੀ ਗਈ। ਬੈਠਕ ਵਿਚ ਦਸਿਆ ਗਿਆ ਕਿ ਚਾਲੂ ਮਾਲੀ ਸਾਲ ਲਈ ਵਿਭਾਗ ਦਾ ਬਜਟ 1348 ਕਰੋੜ ਰੁਪਏ ਦਾ ਹੈ, ਜਿਸ ਵਿਚੋਂ ਹੁਣ ਤਕ 296 ਕਰੋੜ ਰੁਪਏ ਵੱਖ-ਵੱਖ ਵਿਕਾਸ ਕੰਮਾਂ ’ਤੇ ਖਰਚ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕੋਲ ਲੋਂੜੀਦਾ ਬਜਟ ਉਪਲੱਬਧ ਹੈ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਬਜਟ ਦੀ ਸਹੀ ਵਰਤੋਂ ਹੋਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਜਲ ਸਪਲਾਈ ਦੇ ਖੇਤਰ ਵਿਚ ਨਿੱਜੀ ਆਪਰੇਟਰ ਦੇ ਕੰਮ ਸੰਚਾਲਨ ਨਾਲ ਸਬੰਧਤ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰਨੇ ਚਾਹੀਦੇ ਹਨ ਤਾਂ ਕਿ ਪੀਣ ਦੇ ਪਾਣੀ ਦੀ ਗੁਣਵੱਤਾ ਨੂੰ ਬਣਾਏ ਰਖਿਆ ਜਾ ਸਕੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਬੇਕਾਰ ਪਾਣੀ ਦੇ ਮੁੜ ਵਰਤੋਂ ਅਤੇ ਰਿਸਾਇਕਲਿੰਗ ਦੀ ਯੋਜਨਾਵਾਂ ਬਣਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਿਜਠਣ ਲਈ ਇਹੋ ਇਕ ਮਾਤਰ ਸਾਧਨ ਹੋਵੇਗਾ। ਉਨ੍ਹਾਂ ਨੇ ਵਿਭਾਗ ਨੂੰ ਕਸਬਿਆਂ ਅਤੇ ਸ਼ਹਿਰਾਂ, ਜਿੱਥੇ ਨਗਰ ਨਿਗਮ ਗਠਿਤ ਕੀਤੇ ਗਏ ਹਨ, ਵਿਚ ਸਬੰਧਤ ਨਿਗਮਾਂ ਨੂੰ ਸੇਵਾਵਾਂ ਦੇ ਸੰਚਾਲਨ ਦਾ ਕੰਮ ਸੌਂਪਣ ਤਕ ਜਲ ਸਪਲਾਈ ਅਤੇ ਸੀਵਰੇਜ ਸਹੂਲਤਾਂ ਦਾ ਸਹੀ ਰੱਖ-ਰਖਾਓ ਅਤੇ ਸੰਚਾਲਨ ਯਕੀਨੀ ਕਰਨ ਦੇ ਵੀ ਆਦੇਸ਼ ਦਿਤੇ। ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਚੋਣ ਕੀਤੇ ਸ਼ਹਿਰਾਂ ਵਿਚ 1085 ਕਰੋੜ ਰੁਪਏ ਦੀ ਲਾਗਤ ਨਾਲ ਆਰਥਿਕ ਪ੍ਰੋਤਸਾਹਨ ਪੈਕੇਜ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗ੍ਰਾਮ ਦੇ ਤਹਿਤ ਆਉਣ ਵਾਲੇ ਸ਼ਹਿਰਾਂ ਵਿਚ ਅੰਬਾਲਾ, ਅਸੰਧ, ਭਿਵਾਨੀ, ਚਰਖੀ-ਦਾਦਰੀ, ਏਲਨਾਬਾਦ, ਫਤਿਹਾਬਾਦ, ਹਾਂਸੀ, ਕੈਥਲ, ਕਲਾਇਤ, ਮਹੇਂਦਰਗੜ੍ਹ, ਨਾਰਨੌਲ, ਸਿਰਸਾ, ਟੋਹਾਣਾ ਤੇ ਉਚਾਨਾ ਸ਼ਾਮਲ ਹਨ। ਬੈਠਕ ਵਿਚ ਮੁੱਖ ਪਾਰਲੀਮਾਨੀ ਸਕੱਤਰ ਜਲੇਬ ਖਾਨ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਛੱਤਰ ਸਿੰਘ, ਮੁੱਖ ਸਕੱਤਰ ਪੀ.ਕੇ.ਚੌਧਰੀ, ਲੋਕ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਸਰਵਨ ਸਿੰਘ ਅਤੇ ਵਿਭਾਗ ਦੇ ਦੂਜੇ ਸੀਨੀਅਰ ਅਧਿਕਾਰੀ ਹਾਜ਼ਰ ਸਨ।