ਨਿਊਯਾਰਕ, 5 ਸਤੰਬਰ: ਦੁਨੀਆਂ ਦੀ ਨੰਬਰ ਇਕ ਖਿਡਾਰੀ ਵਿਕਟੋਰੀਆ ਅਜਾਰੇਂਕਾ ਨੇ ਪਿਛਲੀ ਚੈਂਪੀਅਨ ਆਸਟਰੇਲੀਆ ਦੀ ਸੱਤਵਾਂ ਦਰਜਾ ਪ੍ਰਾਪਤ ਸਾਮੰਥਾ ਸਟੋਸੁਰ ਨੂੰ 6-1, 4-6 ਅਤੇ 7-6, ਨਾਲ ਹਰਾਕੇ ਪਹਿਲੀ ਵਾਰ ਅਮਰੀਕੀ ਓਪਨ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੇਲਾਰੂਸ ਦੀ ਅਜਾਰੇਂਕਾ ਨੇ ਇਸ ਦੇ ਨਾਲ ਹੀ ਸਿਖਰਲਾ ਦਰਜਾ ਬਰਕਰਾਰ ਰੱਖਣਾ ਵੀ ਯਕੀਨੀ ਕਰ ਲਿਆ। ਹੁਣ ਉਸ ਦਾ ਸਾਹਮਣਾ ਫ਼ਰਾਂਸ ਦੀ 11ਵਾਂ ਦਰਜਾ ਪ੍ਰਾਪਤ ਮਰਯੋਨ ਬਰਤੋਲੀ ਜਾਂ ਰੂਸ ਦੀ ਤੀਜਾ ਦਰਜਾ ਪ੍ਰਾਪਤ ਮਾਰੀਆ ਸ਼ਾਰਾਪੋਵਾ ਨਾਲ ਹੋਵੇਗਾ। ਗਰੈਂਡਸਲੈਮ ਵਿਚ ਸੇਰੇਨਾ ਵਿਲੀਅਮਜ਼ ਨੂੰ ਛੱਡਕੇ ਕਿਸੇ ਵੀ ਸਿਖਰਲਾ ਦਰਜਾ ਪ੍ਰਾਪਤ ਮਹਿਲਾ ਖਿਡਾਰੀ ਨੇ ਖ਼ਿਤਾਬ ਨਹੀਂ ਜਿੱਤਿਆ ਹੈ। ਸੇਰੇਨਾ ਨੇ 2010 ਵਿਚ ਸਿਖਰਲੀ ਦਰਜਾਬੰਦੀ ਨਾਲ ਵਿੰਬਲਡਨ ਜਿੱਤਿਆ ਸੀ। ਅਮਰੀਕੀ ਓਪਨ ਵਿਚ ਸਿਖਰਲਾ ਦਰਜਾ ਪ੍ਰਾਪਤ ਕਰ ਕੇ ਖ਼ਿਤਾਬ ਜਿੱਤਣ ਵਾਲੀ ਜਸਟਿਨ ਹੈਨਿਨ ਹੈ ਜਿਸ ਨੇ 2007 ਵਿਚ ਇਹ ਕਾਰਨਾਮਾ ਕੀਤਾ ਸੀ। ਦੂਜੇ ਕੁਆਰਟਰ ਫ਼ਾਈਨਲ ਵਿਚ ਜੇਕਰ ਸ਼ਾਰਾਪੋਵਾ ਫ਼ਰਾਂਸ ਦੀ ਬਰਤੋਲੀ ਨੂੰ ਹਰਾ ਦਿੰਦੀ ਹੈ ਤਾਂ ਸੰਸਾਰ ਦਰਜਾਬੰਦੀ ਵਿਚ ਦੂਜੇ ਸਥਾਨ ’ਤੇ ਪਹੁੰਚ ਜਾਵੇਗੀ। ਸੇਰੇਨਾ ਦਾ ਸਾਹਮਣਾ ਤੀਸਰੇ ਕੁਆਰਟਰ ਫ਼ਾਈਨਲ ਵਿਚ ਸਰਬੀਆ ਦੀ 12 ਵਾਂ ਦਰਜਾ ਪ੍ਰਾਪਤ ਅਨਾ ਇਵਾਨੋਵਿਚ ਨਾਲ ਹੋਵੇਗਾ ਜਦ ਕਿ ਇਟਲੀ ਦੀ 10ਵਾਂ ਦਰਜਾ ਪ੍ਰਾਪਤ ਸਾਰਾ ਈਰਾਨੀ ਦੀ ਟੱਕਰ 20ਵਾਂ ਦਰਜਾ ਪ੍ਰਾਪਤ ਅਪਣੇ ਹੀ ਦੇਸ਼ ਦੀ ਰਾਬਰਟਾ ਵਿੰਚੀ ਨਾਲ ਹੋਵੇਗੀ। (ਏਜੰਸੀ)