ਸ਼ਿਵਾਕਾਸ਼ੀ, 5 ਸਤੰਬਰ : ਤਾਮਿਲਨਾਡੂ ਦੇ ਸ਼ਿਵਾਕਾਸ਼ੀ ਵਿਖੇ ਪਟਾਕਿਆਂ ਦੀ ਇਕ ਨਿਜੀ ਫ਼ੈਕਟਰੀ ਵਿਚ ਅੱਜ ਜ਼ਬਰਦਸਤ ਅੱਗ ਲੱਗ ਜਾਣ ਕਾਰਨ ਘਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖ਼ਮੀ ਹੋ ਗਏ। ਅੱਗ ਤੇਜ਼ੀ ਨਾਲ ਰਿਹਾਇਸ਼ੀ ਖੇਤਰਾਂ ’ਚ ਵੀ ਲੱਗ ਗਈ ਜਿਥੇ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਸਰਕਾਰ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪ੍ਰਤੀ ਪਰਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦੀ ਰਾਹਤ ਰਕਮ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਲੋਕ ਫ਼ੈਕਟਰੀ ਦੇ ਬਾਹਰ ਇਕੱਠੇ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਫ਼ੈਕਟਰੀ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ। ਸੀਨੀਅਰ ਸਿਆਸੀ ਆਗੂ ਅਤੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਹਦਾਇਤਾਂ ਦਿਤੀਆਂ। ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਕੋਲ ਲੋੜੀਂਦੇ ਸਾਜ਼ੋ-ਸਾਮਾਨ ਦੀ ਵੀ ਕਮੀ ਇਸ ਦੁਖਾਂਤ ਦਾ ਵੱਡਾ ਕਾਰਨ ਬਣੀ। ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਵੱਡੀ ਗਿਣਤੀ ’ਚ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਧਮਾਕੇ ਤੋਂ ਬਾਅਦ ਅੱਗ ਤੇਜ਼ੀ ਨਾਲ ਆਲੇ-ਦੁਆਲੇ ਦੇ ਖੇਤਰ ਵਿਚ ਫੈਲੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁੱਝ ਕਰਮਚਾਰੀ ਇਕ ਰਸਾਇਣ ਨੂੰ ਰਲਾ ਰਹੇ ਸਨ। ਇਸ ਤੋਂ ਬਾਅਦ ਸਾਰੇ 48 ਸ਼ੈ¤ਡਾਂ ਵਿਚ ਅੱਗ ਫੈਲ ਗਈ।
ਪੁਲਿਸ ਅਧਿਕਾਰੀਆਂ ਅਨੁਸਾਰ ਹਦਾਇਤਾਂ ਦੇ ਬਾਵਜੂਦ ਸਾਰਾ ਉਤਪਾਦਨ ਗੋਦਾਮ ਵਿਚ ਹੀ ਰਖਿਆ ਗਿਆ ਸੀ। ਅੱਗ ਲੱਗਣ ਤੋਂ ਬਾਅਦ ਕੰਪਨੀ ਦਾ ਸਾਰਾ ਖੇਤਰ ਸੁਆਹ ਵਿਚ ਬਦਲ ਗਿਆ। ਮਲਬੇ ਨੂੰ ਹਟਾਉਣ ਤੋਂ ਬਾਅਦ ਹੀ ਸਥਿਤੀ ਦੀ ਪੂਰੀ ਰੀਪੋਰਟ ਸਾਹਮਣੇ ਆ ਸਕੇਗੀ।
ਵਿਰਧੂ ਨਗਰ ਦੇ ਜ਼ਿਲ੍ਹਾ ਸੁਪਰਡੈਂਟ ਪੁਲਿਸ ਅਨੁਸਾਰ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਤੇਜ਼ੀ ਨਾਲ ਪਟਾਕੇ ਤਿਆਰ ਕੀਤੇ ਜਾ ਰਹੇ ਸਨ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਫ਼ੈਕਟਰੀ ਅਧਿਕਾਰੀਆਂ ਅਨੁਸਾਰ 300 ਕਰਮਚਾਰੀ ਉਥੇ ਕੰਮ ਕਰ ਰਹੇ ਸਨ। ਅੱਗ ਘਟਨਾ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ’ਚ ਲੋਕ ਅਪਣੇ ਰਿਸ਼ਤੇਦਾਰਾਂ ਦੀ ਸਹੀ-ਸਲਾਮਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਫ਼ੈਕਟਰੀ ਨੇੜੇ ਪੁੱਜੇ। ਇਸ ਤੋਂ ਪਹਿਲਾਂ ਅਕਤੂਬਰ 2009 ’ਚ 32 ਲੋਕ ਜੋ ਦੀਵਾਲੀ ਦੀ ਖ਼ਰੀਦਦਾਰੀ ਲਈ ਇਕ ਗੋਦਾਮ ਵਿਚ ਮੌਜੂਦ ਸਨ, ਅੱਗ ਘਟਨਾ ’ਚ ਮਾਰੇ ਗਏ ਸਨ। ਅਧਿਕਾਰੀਆਂ ਨੇ ਦਸਿਆ ਕਿ ਸਾਰੇ ਮ੍ਰਿਤਕਾਂ ਦੇ ਸਰੀਰ 80 ਫ਼ੀ ਸਦੀ ਸੜ ਚੁੱਕੇ ਸਨ। ਹੁਣ ਫ਼ੈਕਟਰੀ ਦੇ ਨਾਲ ਲਗਦੇ ਖੇਤਰਾਂ ਨੂੰ ਬਚਾਉਣ ਦਾ ਕੰਮ ਤੇਜ਼ ਕੀਤਾ ਗਿਆ ਹੈ। (ਪੀ.ਟੀ².ਆਈ.)